ਚੰਡੀਗੜ੍ਹ: 108 ਐਂਬੂਲੈਂਸ ਯੂਨੀਅਨ ਦੀ ਹੜਤਾਲ ਅੱਜ ਪੰਜਵੇਂ ਦਿਨ ਖ਼ਤਮ ਹੋ ਗਈ ਹੈ। ਅੱਜ ਬੁੱਧਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਅਤੇ ਯੂਨੀਅਨ ਵਿਚਾਲੇ ਮੀਟਿੰਗ ਹੋਈ। ਡਾ. ਬਲਬੀਰ ਸਿੰਘ ਨੇ ਯੂਨੀਅਨ ਦੀਆਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾ ਦਿੱਤਾ ਹੈ। ਦੱਸ ਦੇਈਏ ਕਿ ਪੂਰੇ ਸੂਬੇ ਦੇ ਐਂਬੂਲੈਂਸ ਮੁਲਾਜ਼ਮ ਲੁਧਿਆਣਾ ਦੇ ਟੋਲ ਪਲਾਜ਼ਾ ਉਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੜਾਕੇ ਦੀ ਠੰਢ ਵਿਚ ਅੜੇ ਹੋਏ ਸਨ।
ਐਂਬੂਲੈਂਸ ਚਾਲਕਾਂ ਦੀ ਮੰਗ:ਕਾਬਿਲੇਗੌਰ ਹੈ ਕਿ ਐਂਬੂਲੈਂਸ ਦੇ ਮੁਲਾਜ਼ਮਾਂ ਨੂੰ ਭਰਤੀ ਕਰਨ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਹੈ। ਇਸ ਲਈ ਮੁਲਾਜ਼ਮਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨਿੱਜੀ ਕੰਪਨੀ ਨੂੰ ਲਾਂਭੇ ਕਰਕੇ ਇਹ ਕੰਮ ਆਪਣੇ ਅਧੀਨ ਲਵੇ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਪੱਕਾ ਕਰਕੇ ਤਨਖਾਹ ਵਿਚ ਵਾਧਾ ਕੀਤਾ ਜਾਵੇ। ਐਂਬੂਲੈਂਸ ਚਾਲਕਾਂ ਦੀ ਹੜਤਾਲ ਕਾਰਨ ਮਰੀਜ਼ ਕਾਫੀ ਪਰੇਸ਼ਾਨ ਨਜ਼ਰ ਆਏ। ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਸਿਵਲ ਹਸਪਤਾਲ ਪਹੁੰਚਣ ਲਈ ਆਟੋ, ਰਿਕਸ਼ਾ ਅਤੇ ਪ੍ਰਾਈਵੇਟ ਐਂਬੂਲੈਂਸਾਂ ਦਾ ਸਹਾਰਾ ਲੈਣਾ ਪਿਆ।
ਐਂਬੂਲੈਂਸ ਚਾਲਕਾਂ ਦੀਹੜਤਾਲ ਹੋਈ ਖ਼ਤਮ:ਲੁਧਿਆਣਾ ਦੇ ਵਿੱਚ 108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਅੱਜ ਖ਼ਤਮ ਹੋ ਗਈ ਹੈ। ਐਂਬੂਲੈਂਸ ਚਾਲਕ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਪੰਜਾਬ ਦੇ ਸਿਹਤ ਮੰਤਰੀ ਅਤੇ ਆਈ ਜੀ ਜਸਕਰਨ ਸਿੰਘ ਨਾਲ ਹੋਈ ਹੈ। ਮੁਲਾਕਾਤ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਹੈ। ਕਈ ਮੰਗਾਂ 'ਤੇ ਸਿਹਤ ਮੰਤਰੀ ਨੇ ਮੋਹਰ ਲਗਾ ਦਿੱਤੀ ਹੈ ਜਦੋਂ ਕਿ ਬਾਕੀ ਮੰਗਾਂ ਉਤੇ ਅਗਲੀ ਮੀਟਿੰਗ ਦੇ ਵਿਚ ਮੋਹਰ ਲਗਾਉਣ ਦੀ ਗੱਲ ਕਹੀ ਹੈ।