ਚੰਡੀਗੜ੍ਹ :ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ ਮੁਤਾਬਿਕ ਸੂਬੇ ਵਿਚ ਵਾਹਨਾਂ ਉਤੇ ਹਾਈ ਸਕਿਉਰਟੀ ਨੰਬਰ ਪਲੇਟਾਂ ਉੱਤੇ (ਐਚਐਸਆਰਪੀ) ਲਗਾਉਣ ਦੀ ਮਿਆਦ ਕੱਲ੍ਹ ਯਾਨੀ ਕਿ 30 ਜੂਨ ਤੋਂ ਖ਼ਤਮ ਹੋ ਗਈ ਹੈ ਅਤੇ ਅੱਜ ਤੋਂ ਸਰਕਾਰ ਦਾ ਇਹ ਐਲਾਨ ਹੁਕਮ ਦੇ ਰੂਪ ਵਿੱਚ ਸਖ਼ਤੀ ਨਾਲ ਲਾਗੂ ਹੋ ਗਿਆ ਹੈ। ਇੰਨਾ ਹੀ ਨਹੀਂ ਹੁਣ ਇਸ ਦੀ ਚੈਕਿੰਗ ਸਬੰਧੀ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਵਿਚਾਲੇ ਜੇਕਰ ਗੱਡੀਆਂ ਦੀਆਂ ਨੰਬਰ ਪਲੇਟਾਂ ਹਾਈ ਸਕਿਉਰਟੀ ਨਾ ਹੋਈਆਂ ਤਾਂ ਇਸ ਦਾ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਹੁਣ ਜੇਕਰ ਹਾਈ ਸਕਿਉਰਟੀ ਨੰਬਰ ਪਲੇਟਾਂ ਤੋਂ ਬਿਨਾਂ ਵਾਹਨ ਪਹਿਲੀ ਵਾਰ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਜੁਰਮਾਨਾ 2,000 ਰੁਪਏ ਅਤੇ ਜੇਕਰ ਇਹੀ ਗਲਤੀ ਦੁਬਾਰਾ ਦੁਹਰਾਉਂਦੇ ਹੋ ਤਾਂ ਜੁਰਮਾਨਾ ਵਧ ਕੇ 3,000 ਰੁਪਏ ਹੋ ਜਾਵੇਗਾ। ਜੇਕਰ ਇਹ ਗਲਤੀ ਵਾਰ ਵਾਰ ਦੁਹਰਾਈ ਗਈ ਤਾਂ ਵਾਹਨ ਦਾ ਨੰਬਰ ਬਲੈਕਲਿਸਟ ਕਰ ਦਿੱਤਾ ਜਾਵੇਗਾ।
High security number plates: ਪੰਜਾਬ 'ਚ ਪਹਿਲੀ ਵਾਰ 2 ਹਜ਼ਾਰ ਦਾ ਚਲਾਨ, ਫਿਰ ਵੀ ਨਾ ਮੰਨੇ ਤਾਂ 3 ਹਜ਼ਾਰ ਦਾ ਜੁਰਮਾਨਾ - High security number plates update
ਅੱਜ ਤੋਂ ਪੰਜਾਬ ਵਿੱਚ ਵਾਹਨਾਂ ਉਤੇ ਹਾਈ ਸਕਿਉਰਿਟੀ ਨੰਬਰ ਪਲੇਟਾਂ ਨਾ ਹੋਣ ਦੀ ਸੂਰਤ ਵਿੱਚ ਚਲਾਨ ਕੀਤੇ ਜਾਣਗੇ। ਹਾਲਾਂਕਿ ਸਰਕਾਰ ਵੱਲੋਂ ਕੱਲ੍ਹ ਐਲਾਨ ਕੀਤਾ ਗਿਆ ਸੀ ਕਿ ਜੇਕਰ 30 ਜੂਨ ਤੋਂ ਬਾਅਦ ਕਿਸੇ ਵਾਹਨ ਨੂੰ ਬਗੈਰ ਹਾਈ ਸਕਿਉਰਿਟੀ ਨੰਬਰ ਪਲੇਟ ਰੋਕਿਆ ਜਾਂਦਾ ਹੈ ਤਾਂ ਉਸ ਵਾਹਨ ਚਾਲਕ ਨੂੰ ਮੋਟਾ ਜੁਰਮਾਨਾ ਭਰਨਾ ਪਵੇਗਾ।
ਪੁਲਿਸ ਪ੍ਰਸ਼ਾਸਨ ਤੇ ਟਰਾਂਸਪੋਰਟ ਵਿਭਾਗ ਨੂੰ ਸਰਕਾਰ ਦੇ ਸਖ਼ਤ ਹੁਕਮ:ਦੱਸਣਯੋਗ ਹੈ ਕਿ ਪਹਿਲਾਂ ਵੀ ਸਰਕਾਰ ਨੇ ਹਾਈ ਕੋਰਟ ਦੇ ਹੁਕਮਾਂ ’ਤੇ ਲੋਕਾਂ ਨੂੰ 30 ਜੂਨ ਤੱਕ ਦੀ ਛੋਟ ਦਿੱਤੀ ਸੀ। ਹੁਣ ਸਰਕਾਰ ਨੇ ਛੋਟ ਦੀ ਮਿਆਦ ਨੂੰ ਵਧਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਹੁਣ ਟਰਾਂਸਪੋਰਟ ਵਿਭਾਗ ਅਤੇ ਟ੍ਰੈਫਿਕ ਪੁਲਿਸ ਨੂੰ ਸਿੱਧੇ ਹੁਕਮ ਹਨ ਕਿ ਜੇਕਰ ਕੋਈ ਵੀ ਵਾਹਨ ਐਚਐਸਆਰਪੀ ਤੋਂ ਬਿਨਾਂ ਪਾਇਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇ। ਹਾਲਾਂਕਿ ਕਾਂਗਰਸ ਦੇ ਰਾਜ ਦੌਰਾਨ ਸਾਲ 2021 ਵਿੱਚ ਐਚਐਸਆਰਪੀ ਨੰਬਰ ਪਲੇਟਾਂ ਨਾ ਹੋਣ ਕਾਰਨ ਲੋਕਾਂ ਦੇ ਚਲਾਨ ਕੀਤੇ ਗਏ ਤਾਂ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਅਤੇ ਤਤਕਾਲੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਇਸਦੀ ਸਮਾਂ ਸੀਮਾ ਵਧਾ ਦਿੱਤੀ ਸੀ। ਬਾਅਦ ਵਿਚ ਕੋਰੋਨਾ ਮਹਾਮਾਰੀ ਆ ਗਈ ਤਾਂ ਇਹ ਹੁਕਮ ਠੰਡੇ ਬਸਤੇ ਵਿੱਚ ਪੈ ਗਏ ਸਨ, ਪਰ ਹੁਣ ਮੌਜੂਦਾ ਸਰਕਾਰ ਨੇ ਦੋਬਾਰਾ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਪਹਿਲਾਂ ਇਸ ਦਾ ਸਮਾਂ ਮਾਰਚ ਮਹੀਨੇ ਤੱਕ ਸੀ, ਪਰ ਹੁਣ ਸਰਕਾਰ ਇਸ ਨੂੰ ਅੱਗੇ ਵਧਾਉਣ ਦੇ ਮੂਡ 'ਚ ਨਹੀਂ ਹੈ। ਅੱਜ ਤੋਂ ਸੂਬੇ ਭਰ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟਾਂ ਨੂੰ ਲੈ ਕੇ ਸਖ਼ਤੀ ਹੈ।
ਜੇਕਰ ਤੁਹਾਡੇ ਵਾਹਨ 'ਤੇ ਹਾਈ ਸਕਿਉਰਿਟੀ ਨੰਬਰ ਪਲੇਟ ਨਹੀਂ ਹੈ, ਪਰ ਤੁਸੀਂ ਇਸ ਸਬੰਧੀ ਅਰਜ਼ੀ ਦਿੱਤੀ ਹੋਈ ਹੈ ਤਾਂ ਤੁਹਾਨੂੰ ਇਸ ਸੂਰਤ ਵਿੱਚ ਘਬਰਾਉਣ ਦੀ ਲੋੜ ਨਹੀਂ ਤੁਸੀਂ ਆਪਣੀ ਅਰਜ਼ੀ ਦੀ ਪਰਚੀ ਪੁਲਿਸ ਨੂੰ ਦਿਖਾ ਕੇ ਜੁਰਮਾਨੇ ਤੋਂ ਬਚ ਸਕਦੇ ਹੋ। HSRP ਨੰਬਰ ਪਲੇਟ ਲਈ ਅਪਲਾਈ ਕਰਨ ਲਈ ਵੈਬਸਾਈਟ ਦੇ http://www.punjabtransport.org ਲਿੰਕ 'ਤੇ ਕਲਿਕ ਕਰੋ ਤੇ ਮੋਟੇ ਜੁਰਮਾਨੇ ਤੋਂ ਬਚੋ।