ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਸੂਬੇ ਵਿੱਚ ਸਿਆਸਤ ਭੱਖ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਰਾਜਪਾਲ ਵੀਪੀ ਬਦਨੌਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁਲਾਕਾਤ ਕਰਕੇ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਂਣ ਦੀ ਮੰਗ ਕੀਤੀ।
ਜ਼ਹਿਰੀਲੀ ਸ਼ਰਾਬ ਮਾਮਲੇ ਦੀ ਸੀਬੀਆਈ ਜਾਂਚ ਹੋਵੇ: ਬ੍ਰਹਮਪੁਰਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਖਡੂਰ ਸਾਹਿਬ ਵਿਖੇ ਵੀ ਜ਼ਹਿਰਲੀ ਸ਼ਰਾਬ ਨਾਲ ਮੌਤਾਂ ਹੋ ਹੋਈਆਂ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੁੱਤੀ ਪਈ ਹੈ ਤੇ ਹੁਣ ਤੱਕ ਕਿਸੇ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ।
ਰਣਜੀਤ ਸਿੰਘ ਬ੍ਰਹਮਪੁਰਾ ਨੇ ਦੋਸ਼ੀਆਂ ਦੇ ਖ਼ਿਲਾਫ਼ 302 ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਕਰਨ ਦੀ ਜਿੱਥੇ ਮੰਗ ਕੀਤੀ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਾਂਗਰਸ ਨੂੰ ਇੱਕ ਹੀ ਥਾਲੀ ਦੇ ਚੱਟੇ-ਵੱਟੇ ਦੱਸਿਆ ਕਿਹਾ ਕਿ ਅਕਾਲੀ ਦਲ ਦੇ ਸਮੇਂ ਦੇ ਵਿੱਚ ਵੀ ਸ਼ਰਾਬ ਵਿਕਦੀ ਰਹੀ ਹੈ ਪਰ ਕੈਪਟਨ ਸਰਕਾਰ ਦੇ ਰਾਜ ਦੇ ਵਿੱਚ ਸ਼ਰਾਬ ਮਾਫੀਆ ਨੇ ਲੋਕਾਂ ਦੀ ਜਾਨ ਲੈ ਲਈ ਹੈ।
ਇਸ ਦੇ ਨਾਲ ਹੀ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਭਵਨ ਦੇ ਬਾਹਰ ਕੀਤੇ ਜਾ ਰਹੇ ਪ੍ਰਦਰਸ਼ਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਉਸ ਵੇਲੇ ਹੋਈਆਂ ਬੇਅਦਬੀਆਂ ਦੀ ਜਾਣਕਾਰੀ ਹੁੰਦਿਆਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਉਹੀ ਅਕਾਲੀ ਦਲ ਸ਼ਰਾਬ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਸਿਰਫ਼ ਫੋਕੀ ਨਾਅਰੇਬਾਜ਼ੀ ਦੇ ਨਾਂ 'ਤੇ ਪਾਖੰਡ ਕਰ ਰਿਹੈ ਤਾਂ ਜੋ 2022 ਦੀਆਂ ਚੋਣਾਂ ਦੇ ਵਿੱਚ ਉਨ੍ਹਾਂ ਨੂੰ ਚੋਣਾਂ ਜਿੱਤਣ ਦਾ ਕੋਈ ਮੁੱਦਾ ਮਿਲ ਸਕੇ।
ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਦੁੱਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਬਾਰੇ ਬੋਲਦਿਆਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੱਚ ਬੋਲਣ ਵਾਲਿਆਂ ਨੂੰ ਇਹ ਗੁੰਡਾਗਰਦੀ ਚਲਾਉਣ ਵਾਲੀ ਪਾਰਟੀਆਂ ਬਰਦਾਸ਼ਤ ਨਹੀਂ ਕਰਦੀਆਂ। ਅਕਾਲੀ ਦਲ ਨੇ ਜਿਵੇਂ ਉਨ੍ਹਾਂ ਨੂੰ ਸੱਚ ਬੋਲਣ 'ਤੇ ਬਾਹਰ ਕਰ ਦਿੱਤਾ। ਉਸੇ ਤਰ੍ਹਾਂ ਕਾਂਗਰਸ ਵੀ ਸ਼ਮਸ਼ੇਰ ਸਿੰਘ ਦੁੱਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਬਾਹਰ ਕੱਢ ਦੇਵੇਗੀ।