ਚੰਡੀਗੜ :ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਰਾਜ ਦੇ ਨਿੱਜੀ ਸਕੂਲਾਂ ਵਲੋਂ ਕਿਤਾਬ ਅਤੇ ਫੰਡਾਂ ਦੇ ਨਾਮ ਤੇ ਕੀਤੀ ਜਾ ਰਹੀ ਲੁੱਟ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਜਾਰੀ ਈਮੇਲ ਐਡਰਸ ‘ਤੇ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ।ਇਸ ਸਬੰਧੀ ਜਾਰੀ ਦਿੰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਈਮੇਲ ‘ਤੇ 1600 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਹਨਾਂ ਨੂੰ ਜ਼ਿਲਾਵਾਰ ਗਠਿਤ ਸਿੱਖਿਆ ਮੰਤਰੀ ਟਾਸਕ ਫੋਰਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਟਾਸਕ ਫੋਰਸ ਸਕੂਲਾਂ ਦਾ ਦੌਰਾ ਕਰਕੇ ਤੱਥਾਂ ਦੀ ਜਾਂਚ ਕਰੇਗੀ ਅਤੇ ਰਿਪੋਰਟ ਰੈਗੂਲੇਟਰੀ ਅਥਾਰਟੀ ਨੂੰ ਪੇਸ਼ ਕਰੇਗੀ। ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਸਿੱਖਿਆ ਦੇ ਨਾਂ ਤੇ ਲੁੱਟ ਨਹੀਂ ਕਰਨ ਦਿੱਤੀ ਜਾਵੇਗੀ।
ਕਾਰਣ ਦੱਸੋ ਨੋਟਿਸ ਵੀ ਜਾਰੀ :ਉਹਨਾਂ ਦੱਸਿਆ ਕਿ ਸੂਬੇ ਦੇ 30 ਨਿੱਜੀ ਸਕੂਲਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਣ ‘ਤੇ ਨੋਟਿਸ ਜਾਰੀ ਕੀਤੇ ਗਏ ਹਨ। ਇਨਾਂ ਸਕੂਲਾਂ ਵਲੋਂ ‘ਦੀ ਪੰਜਾਬ ਰੈਗੁਲੇਸਨ ਆਫ ਫੀਸ ਆਫ ਅਨਏਡਿਡ ਐਜੂਕੇਸਨਲ ਇੰਸਟੀਚਿਊਸਨਜ ਬਿੱਲ 2016 ਅਤੇ 2019 ਦੀ ਉਲੰਘਣਾ ਕੀਤੀ ਗਈ ਹੈ। ਇਨਾਂ ਸਕੂਲਾਂ ਨੂੰ 7 ਦਿਨਾਂ ਵਿਚ ਜੁਆਬ ਦੇਣ ਲਈ ਕਿਹਾ ਗਿਆ ਹੈ। ਬੈਂਸ ਨੇ ਦੱਸਿਆ ਕਿ ਜਿੰੰਨਾਂ ਸਕੂਲਾਂ ਨੂੰ ਅੱਜ ਨੋਟਿਸ ਜਾਰੀ ਕੀਤੇ ਗਏ ਹਨ ਉਹਨਾ ਵਿੱਚ ਅੰਮਿ੍ਰਤਸਰ ਜ਼ਿਲੇ ਦਾ ਰਾਮ ਆਸ਼ਰਮ ਸਕੂਲ, ਅੰਮ੍ਰਿਤਸਰ, ਬਠਿੰਡਾ ਜ਼ਿਲੇ ਦਾ ਗੁਰੂਕੁਲ ਪਬਲਿਕ ਸਕੂਲ, ਈਸਟਵੁੱਡ ਇੰਟਰਨੈਸ਼ਨਲ ਸਕੂਲ ਡੂਮਵਾਲੀ, ਫਤਤਿਹਗੜ ਸਾਹਿਬ ਜ਼ਿਲੇ ਦਾ ਪਾਇਨ ਗਰੋਵ ਪਬਲਿਕ ਸਕੂਲ ਬਸੀ ਪਠਾਣਾ, ਫਾਜ਼ਿਲਕਾ ਜ਼ਿਲੇ ਦੇ ਪਿਨਾਕਾ ਸੀਨੀਅਰ ਸੈਕੰਡਰੀ ਸਕੂਲ, ਫਾਜ਼ਿਲਕਾ, ਸੇਂਟ ਕਬੀਰ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ, ਅਜ਼ੰਪਸ਼ਨ ਕਾਨਵੈਂਟ ਸਕੂਲ, ਅਬੋਹਰ, ਅਸਪਾਇਰ ਇੰਟਰਨੈਸ਼ਨ ਸਕੂਲ, ਗੋਬਿੰਦਗੜ ਫਾਜ਼ਿਲਕਾ, ਐਲ.ਆਰ. ਐਸ. ਡੀਏਵੀ ਸੀਨੀਅਰ ਸੈਕੰਡਰੀ ਮਾਡਲ ਸਕੂਲ,ਅਬੋਹਰ, ਇਸੇ ਤਰਾਂ ਗੁਰਦਾਸਪੁਰ ਜ਼ਿਲੇ ਦੇ ਗੈਲੈਕਸੀ ਸਟਾਰ ਪਬਲਿਕ ਸਕੂਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।