ਚੰਡੀਗੜ੍ਹ:ਅਜਨਾਲਾ ਵਿੱਖੇ ਪੁਲਿਸ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮੌਜੂਦਗੀ ਵਿੱਚ ਹੋਈ ਝੜਪ ਤੋਂ ਬਾਅਦ ਸਿਆਸੀ ਤੇ ਧਾਰਮਿਕ ਤਿੱਖੇ ਪ੍ਰਤੀਕਰਮ ਆ ਰਹੇ ਹਨ। ਸਿਆਸਤ ਪੱਖੋਂ ਵਿਰੋਧੀਆਂ ਨੇ ਅੰਮ੍ਰਿਤਪਾਲ ਸਿੰਘ ਦੀ ਮੋਹਤਬਰੀ ਕਾਰਨ ਵਾਪਰੀ ਸਾਰੀ ਘਟਨਾ ਦੀ ਨਿੰਦਾ ਕੀਤੀ ਹੈ। ਕਈਆਂ ਨੇ ਇਹ ਵੀ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਦੀ ਹਦੂਦ ਲਾਗੇ ਲੈ ਕੇ ਜਾਣਾ ਬੇਅਦਬੀ ਵਰਗਾ ਹੈ। ਵਿਰੋਧੀ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਹ ਗੁੱਝੀ ਕੋਸ਼ਿਸ਼ ਕੀਤੀ ਹੈ। ਇਸ ਸਾਰੇ ਦਰਮਿਆਨ ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਵੀ ਤਿੱਖਾ ਬਿਆਨ ਸਾਹਮਣੇ ਆ ਰਿਹਾ ਹੈ। ਢੱਡਰੀਆਂ ਵਾਲਾ ਨੇ ਅੰਮ੍ਰਿਤਪਾਲ ਸਿੰਘ ਨੂੰ ਕਈ ਸਵਾਲ ਕੀਤੇ ਹਨ।
ਜੇ ਬੇਅਦਬੀ ਹੋ ਜਾਂਦੀ ਤਾਂ ਜਿੰਮੇਦਾਰ ਕੌਣ ਸੀ: ਰਣਜੀਤ ਸਿੰਘ ਨੇ ਅੰਮ੍ਰਿਤਪਾਲ ਨੂੰ ਸਵਾਲ ਕੀਤਾ ਹੈ ਕਿ ਅਜਨਾਲਾ ਵਿਖੇ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਜਾਂਦੀ ਤਾਂ ਇਸ ਲਈ ਕੌਣ ਜਿੰਮੇਦਾਰ ਹੁੰਦਾ। ਉਨ੍ਹਾਂ ਅੰਮ੍ਰਿਤਪਾਲ ਸਿੰਘ ਉੱਤੇ ਇਲਜ਼ਾਮ ਵੀ ਲਗਾਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲਿਜਾ ਕੇ ਵਰਤਿਆ ਗਿਆ ਹੈ। ਜੇ ਕੋਈ ਘਟਨਾ ਵਾਪਰਦੀ ਤਾਂ ਕੀਹਦੇ ਸਿਰ ਇਲਜ਼ਾਮ ਜਾਂਦਾ। ਉਨ੍ਹਾਂ ਕਿਹਾ ਪਾਲਕੀ ਸਾਹਿਬ ਨੂੰ ਕੋਈ ਗਲਤ ਤਰੀਕੇ ਨਾਲ ਵਰਤ ਵੀ ਸਕਦਾ ਸੀ। ਢੱਡਰੀਆਂ ਵਾਲਾ ਨੇ ਇਹ ਸਾਰਾ ਕੁੱਝ ਇਕ ਵੀਡੀਓ ਸੰਦੇਸ਼ ਰਾਹੀਂ ਕਿਹਾ ਹੈ।
ਕਿਤੇ ਕੇਂਦਰ ਨੂੰ ਤਾਂ ਨਹੀਂ ਕਰ ਰਹੇ ਫਾਇਦਾ:ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਇਹ ਜੋ ਸਾਰਾ ਗਰੁਪ ਹੈ, ਇਹ ਸੂਬੇ ਤੇ ਦਿੱਲੀ ਦੀ ਹਕੂਮਤ ਨਾਲ ਟੱਕਰ ਲੈਣ ਦੀ ਗੱਲ ਕਰਦਾ ਹੈ। ਹੁਣ ਕੱਲ੍ਹ ਦੀ ਘਟਨਾ ਤੋਂ ਬਾਅਦ ਵਿਰੋਧੀ ਧਿਰਾਂ ਵਲੋਂ ਇਹ ਬਿਆਨ ਆ ਰਹੇ ਹਨ ਕਿ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਢੱਡਰੀਆਂਵਾਲੇ ਨੇ ਸਿੱਧਾ ਸਵਾਲ ਕੀਤਾ ਕਿ ਕੱਲ੍ਹ ਸਿੱਖਾਂ ਦਾ ਜਾਂ ਸੈਂਟਰ ਦਾ ਫਾਇਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਹਿਲਾਂ ਇਹੋ ਜਿਹੀ ਹਥਿਆਰਬੰਦ ਲੜਾਈ ਲੜੀ ਅਤੇ ਬੰਦੀ ਬਣਾਏ ਗਏ ਸਨ। ਸਰਕਾਰਾਂ ਉਨ੍ਹਾਂ ਨੂੰ ਵੀ ਨਹੀਂ ਛੱਡ ਰਹੀਆਂ। ਜਿਹੜੇ ਬੰਦੀ ਜੇਲ੍ਹਾਂ ਵਿੱਚੋਂ ਬਾਹਰ ਆ ਰਹੇ ਹਨ, ਉਹ ਵੀ ਬਾਹਰ ਆ ਕੇ ਇਹੀ ਕਹਿ ਰਹੇ ਹਨ ਕਿ ਨੌਜਵਾਨਾਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ। ਇਨ੍ਹਾਂ ਸਿੱਖ ਨੌਜਵਾਨਾਂ ਨੂੰ ਪੜ੍ਹਾਈ ਕਰਕੇ ਉੱਚੇ ਅਹੁਦੇ ਪਾਉਣ ਦੀਆਂ ਸਲਾਹਾਂ ਵੀ ਦਿੱਤੀਆਂ ਜਾਂਦੀਆਂ ਹਨ। ਸਾਨੂੰ ਉਹ ਕੰਮ ਕਰਨਾ ਚਾਹੀਦਾ ਹੈ, ਜਿਸ ਨਾਲ ਸਾਡੀ ਦੁਨੀਆਂ ਵਿੱਚ ਚੰਗੀ ਪਛਾਣ ਜਾਵੇ। ਢੱਡਰੀਆਂਵਾਲੇ ਨੇ ਸਵਾਲ ਕੀਤਾ ਹੈ ਕਿ ਕੀ ਇਸ ਤਰ੍ਹਾਂ ਕਰਕੇ ਅਸੀਂ ਪੰਜਾਬ ਨੂੰ ਗਲਤ ਪਾਸੇ ਨਹੀਂ ਧੱਕ ਰਹੇ? ਉਨ੍ਹਾਂ ਕਿਹਾ ਕਿ ਇਹ ਬਹਿ ਕੇ ਸੋਚੀਏ ਕਿ ਇਸ ਨਾਲ ਕਿਤੇ ਕੇਂਦਰ ਨੂੰ ਤਾਂ ਨਹੀਂ ਫਾਇਦਾ ਹੋ ਰਿਹਾ।