ਚੰਡੀਗੜ: ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਨੁਸਾਰ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਐਤਵਾਰ ਨੂੰ ਗੈਂਗਸਟਰ ਬਣੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਨਾਲ ਜੁੜੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ‘ਤੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ।
ਗੈਂਗਸਟਰ ਨਾਲ ਜੁੜੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ’ਤੇ ਇੱਕੋ ਸਮੇਂ ਕੀਤੀ ਗਈ ਛਾਪੇਮਾਰੀ:ਤਰਨਤਾਰਨ ਜਿਲ੍ਹੇ ਦੇ ਪਿੰਡ ਹਰੀਕੇ ਦੇ ਲਖਬੀਰ ਲੰਡੇ ਨਾਲ ਸਬੰਧਿਤ, ਚੱਲ ਰਹੇ ਵੱਖ-ਵੱਖ ਕੇਸਾਂ ਨੂੰ ਅੰਜਾਮ ਤੱਕ ਪਹੁੰਚਾਉਣ ਦੇ ਮੱਦੇਨਜ਼ਰ ਉਕਤ ਗੈਂਗਸਟਰ ਨਾਲ ਜੁੜੇ ਰਿਹਾਇਸ਼ੀ ਅਤੇ ਹੋਰ ਟਿਕਾਣਿਆਂ ’ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਆਪਰੇਸ਼ਨ ਦਾ ਉਦੇਸ਼ ਭਾਰਤ ਅਤੇ ਵਿਦੇਸ਼ਾਂ ‘ਚ ਸਥਿਤ ਅੱਤਵਾਦੀਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੇ ਆਪਸੀ ਗਠਜੋੜ ਨੂੰ ਸਾਬੋਤਾਜ ਕਰਨਾ ਸੀ।
'ਲੰਡਾ ਨਾਲ ਸਬੰਧਿਤ 171 ਵਿਅਕਤੀਆਂ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ':ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ 142 ਪਾਰਟੀਆਂ, ਜਿਨ੍ਹਾਂ ਵਿੱਚ 800 ਦੇ ਕਰੀਬ ਪੁਲਿਸ ਮੁਲਾਜਮਾਂ ਸ਼ਾਮਲ ਸਨ, ਵੱਲੋਂ ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ ਲੰਡਾ ਨਾਲ ਸਬੰਧਿਤ 334 ਵਿਅਕਤੀਆਂ ‘ਤੇ ਛਾਪੇਮਾਰੀ ਕੀਤੀ ਗਈ। ਉਨਾਂ ਦੱਸਿਆ ਕਿ ਇਕੱਲੇ ਤਰਨਤਾਰਨ ਜ਼ਿਲੇ ਵਿੱਚ ਹੀ 65 ਪੁਲਿਸ ਪਾਰਟੀਆਂ ਨੇ ਲਖਬੀਰ ਲੰਡਾ ਨਾਲ ਸਬੰਧਿਤ 171 ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।
ਉਨਾਂ ਕਿਹਾ ਅੱਜ ਦੀ ਤਲਾਸ਼ੀ ਦੀ ਯੋਜਨਾ ਹਾਲ ਹੀ ਵਿੱਚ ਲਖਬੀਰ ਲੰਡਾ ਦੀ ਹਮਾਇਤ ਵਾਲੇ ਮਾਡਿਊਲਾਂ ਦੇ ਪਰਦਾਫਾਸ਼ ਕੀਤੇ ਜਾਣ ’ਤੇ ਕਈ ਵਿਅਕਤੀਆਂ ਦੀ ਪੁੱਛਗਿੱਛ ਤੋਂ ਬਾਅਦ ਅੰਜਾਮ ਵਿਚ ਲਿਆਂਦੀ ਗਈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਵਿੱਚ ਖ਼ੌਫ਼ ਪੈਦਾ ਕੀਤਾ ਜਾ ਸਕੇ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕੀਤੀ ਜਾ ਸਕੇ।