ਚੰਡੀਗੜ੍ਹ: ਦੁਨੀਆਭਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਵਧਾਇਆ ਦਿੱਤੀਆ ਹਨ।
ਅਮਰਿੰਦਰ ਸਿੰਘ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਬਾਅਦ ਸਾਰੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣ ਦਾ ਹੁਕਮ ਦਿੱਤਾ ਸੀ ਤੇ ਇਸ ਵਿੱਚ ਦਰਜ ਗੁਰਬਾਣੀ ਦਾ ਆਪਣੀ ਨਿੱਜੀ ਜ਼ਿੰਦਗੀ ਵਿੱਚ ਅਮਲ ਕਰਨ ਦਾ ਆਦੇਸ਼ ਦਿੱਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਏਕਤਾ ਦਾ ਸੁਨੇਹਾ ਦਿੰਦੇ ਹਨ ਜਿਸ ਵਿੱਚ ਨਾ ਸਿਰਫ਼ ਸਿੱਖ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਸਗੋਂ ਹੋਰਨਾਂ ਧਰਮਾਂ ਦੇ ਭਗਤਾਂ ਦੀ ਬਾਣੀ ਵੀ ਦਰਜ ਹੈ।
ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦਿੱਤੀ ਹੈ। ਸਿਰਸਾ ਨੇ ਟਵੀਟ ਕਰਦੇ ਹੋਏ ਕਿਹਾ ਕਿ "ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ", ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਕੋਟਾਨਿ-ਕੋਟਿ ਮੁਬਾਰਕਾਂ ਜੀਓ॥
ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਕਈ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ।