ਚੰਡੀਗੜ੍ਹ: ਸਿੱਖਾਂ ਦੇ 8ਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਦਾ ਅੱਜ ਯਾਨੀ ਬੁੱਧਵਾਰ ਨੂੰ ਜੋਤੀ ਜੋਤਿ ਦਿਵਸ ਹੈ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ ਕਿ, 'ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਜਿਨ੍ਹਾਂ ਨੇ ਮਨੁੱਖਤਾ ਨੂੰ ਚੇਚਕ ਦੇ ਰੋਗ ਤੋਂ ਮੁਕਤੀ ਦਵਾਈ ਤੇ ਸਾਰਾ ਰੋਗ ਆਪਣੇ ‘ਤੇ ਹੰਢਾਇਆ। ਅੱਜ ਗੁਰੂ ਸਾਹਿਬ ਜੀ ਦੇ ਜੋਤੀ-ਜੋਤਿ ਦਿਵਸ ਮੌਕੇ ਕੋਟਾਨਿ-ਕੋਟਿ ਪ੍ਰਣਾਮ।'
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ:ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ 7 ਜੁਲਾਈ, 1656 ਈ. ਨੂੰ ਪਿਤਾ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ, ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ ਸੀ। ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਨੂੰ ‘ਬਾਲਾ ਪ੍ਰੀਤਮ’ ਤੇ ‘ਅਸ਼ਟਮ ਬਲਬੀਰਾ’ ਜਿਹੇ ਲਫਜ਼ਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਅੱਠਵੇਂ ਵਾਰਿਸ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸੀ।
ਗੁਰਗੱਦੀ ਦੀ ਜਿੰਮੇਵਾਰੀ: ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਛੋਟੀ ਉਮਰ ਵਿੱਚ ਹੀ ਗੁਰਗੱਦੀ ਸੌਂਪ ਦਿੱਤੀ ਗਈ ਸੀ। ਸ੍ਰੀ ਹਰਿਕ੍ਰਿਸ਼ਨ ਜੀ ਨੂੰ ਅੱਠਵੇਂ ਗੁਰੂ ਵਜੋਂ 6 ਅਕਤੂਬਰ, 1661 ਈ. ਨੂੰ ਗੁਰਿਆਈ ਮਿਲੀ। ਇਸ ਸਮੇਂ ਆਪ ਦੀ ਉਮਰ ਮਹਿਜ 5 ਸਾਲ, 3 ਮਹੀਨਿਆਂ ਦੀ ਸੀ।
ਜਦੋਂ ਸ੍ਰੀ ਹਰਿਕ੍ਰਿਸ਼ਨ ਜੀ ਦਿੱਲੀ ਵਿੱਚ ਸੀ, ਤਾਂ ਉਸ ਸਮੇਂ ਦਿੱਲੀ 'ਚ ਬੁਖਾਰ ਅਤੇ ਚੇਚਕ ਦੀ ਬਿਮਾਰੀ ਫੈਲ ਗਈ ਸੀ। ਗੁਰੂ ਜੀ ਨੇ ਬੀਮਾਰਾਂ ਦੀ ਦਿਨ-ਰਾਤ ਸਹਾਇਤਾ ਕੀਤੀ ਸੀ। ਸੰਗਤ ਦੇ ਦਸਵੰਧ ਅਤੇ ਭੇਟਾਂ ਨੂੰ ਇਸੇ ਸੇਵਾ ਲਈ ਵਰਤਿਆ ਗਿਆ। ਗੁਰੂ ਹਰਿਕ੍ਰਿਸ਼ਨ ਜੀ ਦੇ ਪਾਵਨ ਦਰਸ਼ਨਾਂ ਨਾਲ ਤਨ ਅਤੇ ਮਨ ਦੇ ਰੋਗ ਦੂਰ ਹੋ ਜਾਂਦੇ ਸੀ। ਇਸੇ ਲਈ, ਇਹ ਵੀ ਕਿਹਾ ਕਿਹਾ ਗਿਆ ਹੈ ਕਿ ‘ਸ੍ਰੀ ਹਰਿਕ੍ਰਿਸ਼ਨ ਧਿਆਇਐ, ਜਿਸ ਡਿਠੈ ਸਭ ਦੁਖ ਜਾਇ।’ ਇਸ ਤਰ੍ਹਾਂ ਰੋਗੀਆਂ ਦੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਜੀ ਨੂੰ ਵੀ ਤੇਜ਼ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ‘ਤੇ ਵੀ ਚੇਚਕ ਦੇ ਲੱਛਣ ਦਿਖਾਈ ਦੇਣ ਲੱਗ ਪਏ ਸੀ।
ਮਹਿਜ ਢਾਈ ਕੁ ਸਾਲ ਹੀ ਗੁਰਿਆਈ ਕੀਤੀ: ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਜੋਤੀ-ਜੋਤ ਸਮਾਂ ਨੇੜ੍ਹੇ ਆਉਣ ਉੱਤੇ ਕੋਲ ਬੈਠੀ ਸਾਰੀ ਸੰਗਤ ਨੂੰ ਹੁਕਮ ਦਿੱਤਾ ਅਤੇ ਆਖਰੀ ਸ਼ਬਦ ਕਿਹਾ ‘ਬਾਬਾ ਬਕਾਲੇ’। ਜਿਸ ਦਾ ਭਾਵ ਇਹ ਸੀ ਕਿ ਉਨ੍ਹਾਂ ਪਿੱਛੋਂ ਗੁਰਿਆਈ/ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਮਹਾਂਪੁਰਖ ਪਿੰਡ ਬਾਬਾ ਬਕਾਲਾ ਵਿੱਚ ਹੈ। ਇਹ ਕਹਿ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 30 ਮਾਰਚ, ਸੰਨ 1664 ਨੂੰ ਜੋਤੀ-ਜੋਤਿ ਸਮਾ ਗਏ ਸੀ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਮਹਿਜ ਢਾਈ ਕੁ ਸਾਲ ਹੀ ਗੁਰਿਆਈ ਕੀਤੀ ਸੀ।
ਬਾਲਾ ਸਾਹਿਬ ਗੁਰਦੁਆਰਾ ਸਾਹਿਬ: ਯਮੁਨਾ ਦੇ ਕੰਢੇ ਜਿਸ ਥਾਂ ਆਪ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ, ਉਸ ਥਾਂ ਹੁਣ ਬਾਲਾ ਸਾਹਿਬ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜੋਤੀ-ਜੋਤਿ ਸਮਾਉਣ ਵੇਲ੍ਹੇ ਆਪ ਜੀ ਦੀ ਉਮਰ ਕਰੀਬ ਪੌਣੇ ਕੁ ਅੱਠ ਸਾਲ ਦੀ ਸੀ।
ਇਹ ਵੀ ਪੜ੍ਹੋ:Guru Tegh Bahadur Ji Gurgaddi Diwas: ਗੁਰਗੱਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ, ਸੀਐਮ ਮਾਨ ਨੇ ਦਿੱਤੀ ਵਧਾਈ