ਚੰਡੀਗੜ੍ਹ: ਸਿੱਖਾਂ ਦੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਸ਼ੁੱਕਰਵਾਰ ਨੂੰ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਜਨਮ ਸੁਦੀ ੨ ਸੰਮਤ 1686 ਬਿ: 13 ਜਨਵਰੀ, 1630 ਈ: ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਬਚਪਨ ਤੋਂ ਹੀ ਸੰਤ ਸੁਭਾਅ ਤੇ ਪਰਮੇਸ਼ਰ ਦੀ ਭਜਨ-ਬੰਦਗੀ ਵਿੱਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਬਹੁਤ ਪ੍ਰੇਮ ਕਰਦੇ ਅਤੇ ਸਦਾ ਉਨ੍ਹਾਂ ਦੀ ਹਜੂਰੀ ਵਿੱਚ ਰਹਿੰਦੇ ਸਨ। ਆਪ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਦੇ ਸਪੁੱਤਰ ਸਨ। ਗੁਰੂ ਜੀ ਬਹੁਤ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। 1644 ਈ: ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿਛੋਂ ਗੁਰੂ ਗੱਦੀ ਦੀ ਪੂਰੀ ਜਿੰਮੇਵਾਰੀ ਆਪ ਨੇ ਸੰਭਾਲੀ।