ਚੰਡੀਗੜ੍ਹ : ਗੁਰੂ ਅਮਰਦਾਸ ਜੀ ਸਾਦੇ ਸੁਭਾਅ, ਸਾਦੇ ਪਹਿਰਾਵੇ, ਸੁਹਿਰਦ ਤੇ ਭਗਤੀ ਭਾਵਨਾ ਵਾਲੇ ਸਨ। ਮਹਾਨਕੋਸ਼ ਅਨੁਸਾਰ ਆਪ ਦਾ ਜਨਮ 5 ਮਈ 1479 ਨੂੰ ਮਾਤਾ ਸੁਲੱਖਣੀ ਜੀ ਤੇ ਪਿਤਾ ਭਾਈ ਤੇਜ ਭਾਨ ਜੀ ਦੇ ਗ੍ਰਹਿ ਪਿੰਡ ਬਾਸਰਕੇ ਗਿੱਲਾਂ, ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਸ੍ਰੀ ਗੁਰੂ ਅਮਰਦਾਸ ਜੀ 1 ਸਤੰਬਰ 1574 ਨੂੰ ਗੁਰਗੱਦੀ, ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ।
ਪਰਿਵਾਰਕ ਜਾਣਕਾਰੀ:ਆਪ ਭਾਈ ਅਮਰਦਾਸ ਜੀ, ਭਾਈ ਈਸ਼ਰਦਾਸ ਜੀ, ਭਾਈ ਬਾਬਾ ਖੇਮ ਰਾਇ ਜੀ ਤੇ ਭਾਈ ਮਾਣਕ ਚੰਦ ਜੀ, ਚਾਰ ਭਾਈ ਸਨ। 23 ਸਾਲ ਦੀ ਉਮਰ 'ਚ ਆਪ ਦਾ ਵਿਆਹ ਸਿਆਲਕੋਟ ਦੇ ਪਿੰਡ ਸਨਖਤ੍ਰਾ ਵਿਖੇ ਦੇਵੀ ਚੰਦ ਜੀ ਦੀ ਸਪੁੱਤਰੀ ਬੀਬੀ ਮਨਸਾ ਦੇਵੀ ਜੀ ਨਾਲ ਹੋਇਆ। ਆਪ ਜੀ ਦੇ ਘਰ ਵਿਖੇ ਦੋ ਪੁੱਤਰੀਆਂ ਬੀਬੀ ਦਾਨੀ ਜੀ, ਬੀਬੀ ਭਾਨੀ ਜੀ ਅਤੇ ਦੋ ਸਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਨੇ ਜਨਮ ਲਿਆ। ਬੀਬੀ ਭਾਨੀ ਜੀ ਦਾ ਵਿਆਹ ਚੌਥੇ ਪਾਤਸ਼ਾਹ ਸਾਹਿਬ ਗੁਰੂ ਰਾਮਦਾਸ ਜੀ ਨਾਲ ਹੋਇਆ ਸੀ।
ਇਸ਼ਨਾਨ ਕਰਵਾਉਣਾ ਤੇ ਲੰਗਰ ਦੀ ਸੇਵਾ: ਗੁਰੂ ਸਾਹਿਬ ਲਗਾਤਾਰ ਵੀਹ ਸਾਲ 1541 ਤੱਕ ਹਰ ਛੇ ਮਹੀਨੇ ਬਾਅਦ ਤੀਰਥ ਅਸਥਾਨਾਂ 'ਤੇ ਦੇਵੀ ਦਰਸ਼ਨਾਂ ਲਈ ਜਾਇਆ ਕਰਦੇ ਸਨ। ਇਕ ਦਿਨ ਦੇਵੀ ਦਰਸ਼ਨਾਂ ਤੋਂ ਵਾਪਸ ਪਰਤਦਿਆਂ ਇਕ ਬ੍ਰਹਮਚਾਰੀ ਦੇ ਮੇਲ ਨੇ ਸਾਰੀ ਜ਼ਿੰਦਗੀ ਬਦਲ ਦਿੱਤੀ। ਆਪ ਅੰਦਰ ਗੁਰੂ ਧਾਰਨਾ ਦੀ ਇੱਛਾ ਪ੍ਰਬਲ ਹੋਈ। ਉਹ ਰਾਤ ਬੜੀ ਬੇਚੈਨੀ 'ਚ ਲੰਘੀ। ਜਦ ਆਪ ਨੇ ਬੀਬੀ ਅਮਰੋ ਜੀ ਦੇ ਨਾਲ ਖਡੂਰ ਸਾਹਿਬ ਆ ਕੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤਾਂ ਸਦਾ ਲਈ ਗੁਰੂ ਘਰ ਦੇ ਹੋ ਕੇ ਰਹਿ ਗਏ। ਗੁਰੂ ਅੰਗਦ ਦੇਵ ਜੀ ਲਈ ਅੰਮ੍ਰਿਤ ਵੇਲੇ ਜਲ ਦੀ ਗਾਗਰ ਲਿਆ ਕੇ ਇਸ਼ਨਾਨ ਕਰਵਾਉਣਾ ਤੇ ਲੰਗਰ ਦੀ ਸੇਵਾ ਆਪ ਜੀ ਦਾ ਨਿਤਨੇਮ ਬਣ ਗਿਆ। ਜਦ ਗੁਰੂ ਜੀ ਨਾਲ ਮਿਲਾਪ ਹੋਇਆ ਤਾਂ ਆਪ ਦੀ ਉਮਰ 61 ਸਾਲ ਦੀ ਸੀ। ਆਪ ਨੇ ਲਗਾਤਾਰ 11 ਸਾਲ ਗੁਰੂ ਘਰ ਦੀ ਸੇਵਾ ਪੂਰਨ ਨਿਸ਼ਠਾ ਨਾਲ ਨਿਭਾਈ। 1552 ਵਿੱਚ ਆਪ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ। ਉਸ ਸਮੇਂ ਆਪ ਦੀ ਉਮਰ 73 ਵਰ੍ਹੇ ਹੋ ਚੁੱਕੀ ਸੀ।
ਲੰਗਰ ਦੀ ਮਰਿਯਾਦਾ ਤੇ ਮਜ਼ਲੂਮਾਂ ਦੀ ਆਵਾਜ਼:ਆਪ ਨੇ ਗ਼ਰੀਬ, ਮਜ਼ਲੂਮ ਤੇ ਦੱਬੇ ਕੁਚਲੇ ਲੋਕਾਂ ਨੂੰ ਮਾਣ-ਸਨਮਾਨ ਬਖ਼ਸ਼ਿਆ ਤੇ ਸੀਨੇ ਨਾਲ ਲਾਇਆ। ਲੰਗਰ ਦੀ ਮਰਿਯਾਦਾ ਵੱਲ ਆਪ ਨੇ ਵਿਸ਼ੇਸ਼ ਧਿਆਨ ਦਿੱਤਾ। ਅਕਬਰ ਬਾਦਸ਼ਾਹ ਨੇ ਵੀ ਪੰਗਤ 'ਚ ਬੈਠ ਕੇ ਲੰਗਰ ਛਕਿਆ ਸੀ।
ਸਤੀ ਪ੍ਰਥਾ ਦਾ ਅੰਤ : ਗੁਰੂ ਸਾਹਬ ਨੇ ਊਚ-ਨੀਚ, ਜਾਤ-ਪਾਤ ਨੂੰ ਖਤਮ ਕੀਤਾ। ਉਸ ਸਮੇਂ ਮਹਿਲਾਵਾਂ ਦੀ ਬਹੁਤ ਦੁਰਦਸ਼ਾ ਹੋ ਰਹੀ ਸੀ। ਗੁਰੂ ਸਾਹਬ ਨੇ ਸਤੀ ਪ੍ਰਥਾ ਦਾ ਅੰਤ ਕੀਤਾ। ਆਪ ਨੇ ਸਦੀਆਂ ਤੋਂ ਲਿਤਾੜੇ ਹੋਏ ਮਜ਼ਲੂਮ, ਅਨਪੜ੍ਹ ਤੇ ਗ਼ਰੀਬ ਲੋਕਾਂ ਨੂੰ ਵਹਿਮਾਂ ਭਰਮਾਂ 'ਚੋਂ ਬਾਹਰ ਕੱਢਿਆ ਤੇ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦਾ ਰਾਹ ਦੱਸਿਆ। ਆਪ ਨੇ ਇਸਤਰੀ ਨੂੰ ਮਰਦ ਦੇ ਬਰਾਬਰ ਸਮਾਨਤਾ ਦਿੱਤੀ, ਪਰਦੇ (ਘੁੰਢ) ਦਾ ਰਿਵਾਜ ਹਟਾਇਆ, ਕੁੜੀਮਾਰਾਂ ਦਾ ਵਿਰੋਧ ਕੀਤਾ, ਵਿਧਵਾ ਵਿਆਹ ਤੇ ਅੰਤਰ ਸ਼੍ਰੇਣੀ ਵਿਆਹ ਨੂੰ ਇਜਾਜ਼ਤ ਦਿੱਤੀ।
ਅੰਮ੍ਰਿਤਸਰ ਵਸਾਉਣ ਲਈ ਮੋਹੜੇ ਗਡਵਾਏ: ਜ਼ਿਆਦਾ ਸਮਾਂ ਆਪ ਮਾਝੇ ਵਿਚ ਹੀ ਰਹੇ। ਆਪ ਨੇ ਗੁਮਟਾਲਾ, ਤੁੰਗ, ਸੁਲਤਾਨਵਿੰਡ ਤੇ ਗਿਲਵਾਲੀ ਆਦਿ ਪਿੰਡਾਂ ਲਾਗੇ 1570 ਨੂੰ ਸ੍ਰੀ ਅੰਮ੍ਰਿਤਸਰ ਵਸਾਉਣ ਲਈ ਮੋਹੜੇ ਗਡਵਾਏ ਤੇ ਇਸ ਅਸਥਾਨ ਦਾ ਨਾਂ ਚੱਕ-ਗੁਰੂ ਰੱਖਿਆ, ਜਿਸ ਦਾ ਕੰਮ ਗੁਰੂ ਰਾਮਦਾਸ ਜੀ ਨੇ ਆਪਣੀ ਨਿਗਰਾਨੀ ਹੇਠ ਕਰਵਾਇਆ। ਮਹਾਨਕੋਸ਼ ਅਨੁਸਾਰ ਆਪ 95 ਵਰ੍ਹੇ 3 ਮਹੀਨੇ 27 ਦਿਨ ਦੀ ਉਮਰ ਵਿੱਚੋਂ 22 ਸਾਲ 5 ਮਹੀਨੇ ਗੁਰਗੱਦੀ 'ਤੇ ਬਿਰਾਜਮਾਨ ਰਹੇ। ਆਪ 1 ਸਤੰਬਰ 1574 ਨੂੰ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।