ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ:ਅੱਜ ਅੰਮ੍ਰਿਤਸਰ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖਾਂ ਦੇ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਇਕੱਤਰਤਾ ਹੋ ਰਹੀ ਹੈ। ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਹ ਮੀਟਿੰਗ ਹਾਲ ਹੀ ਵਿੱਚ ਸੱਦਣ ਦਾ ਐਲਾਨ ਕੀਤਾ ਸੀ। ਜਿਸ ਦੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਉਪਰੰਤ ਆਰੰਭਤਾ ਕੀਤੀ ਜਾ ਚੁੱਕੀ ਹੈ। ਇਸ ਮੀਟਿੰਗ 'ਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਬਲਜੀਤ ਸਿੰਘ,ਵਧੀਕ ਹੈਡ ਗ੍ਰੰਥੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਗਿਆਨੀ ਗੁਰਦਿਆਲ ਸਿੰਘ ਮੌਜੂਦ ਹਨ। ਇਸ ਦੇ ਨਾਲ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਨੂੰ ਲੈਕੇ ਚਰਚਾ ਹੋ ਸਕਦੀ ਹੈ। ਇਸ ਹੰਗਾਮੀ ਮੀਟਿੰਗ ਵਿੱਚ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਸ਼ਾਮਲ ਹੋਣ ਲਈ ਕਿਹਾ ਗਿਆ ਹੈ।
ਬੰਦੀ ਸਿੰਘਾਂ 'ਤੇ ਨਹੀਂ ਹੋਣੀ ਚਾਹੀਦੀ ਸਿਆਸਤ: ਮੀਟਿੰਗ ਤੋਂ ਬਾਹਰ ਨਿਕਲਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੀਟਿੰਗ ਸਬੰਧੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸੁਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਜਾਰੀ ਹੈ ਅਤੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇ ਬੰਦੀ ਸਿੰਘਾਂ ਨੂੰ ਮਿਲਣ ਵਫ਼ਦ ਜਾਂਦਾ ਹੈ, ਤਾਂ ਉਸ ਨੂੰ ਮੁਲਾਕਾਤ ਕਰਨ ਦੇਣੀ ਚਾਹੀਦੀ ਹੈ ਤੇ ਰੋਕਣਾ ਨਹੀਂ ਚਾਹੀਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੇਅਦਬੀਆਂ ਸਾਜਿਸ਼ ਦੇ ਤਹਿਤ ਹੋ ਰਹੀਆਂ ਹਨ, ਜਿਸ 'ਚ ਕਮੇਟੀਆਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ।
ਭੁੱਖ ਹੜਤਾਲ 'ਤੇ ਰਾਜੋਆਣਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਦੇ ਬਾਵਜੂਦ ਬਲਵੰਤ ਸਿੰਘ ਰਾਜੋਆਣਾ ਬੀਤੇ ਕੱਲ੍ਹ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ। ਬਲਵੰਤ ਸਿੰਘ ਰਾਜੋਆਣਾ ਨੇ ਹਾਲ ਹੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕ ਪੱਤਰ ਲਿਖਿਆ ਸੀ, ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ 'ਤੇ ਦੋਸ਼ ਲਾਇਆ ਸੀ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਉਨ੍ਹਾਂ ਦੇ ਮਾਮਲੇ 'ਚ ਕੋਈ ਸਾਰਥਕ ਉਪਰਾਲੇ ਨਹੀਂ ਕੀਤੇ। ਇਸ ਦੇ ਨਾਲ ਹੀ, ਰਾਜੋਆਣਾ ਨੇ ਐਲਾਨ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਜ਼ਾ ਬਾਰੇ ਕੋਈ ਫੈਸਲਾ ਨਾ ਲਿਆ ਗਿਆ, ਤਾਂ ਉਹ ਭੁੱਖ ਹੜਤਾਲ 'ਤੇ ਚਲੇ ਜਾਣਗੇ ਅਤੇ ਅਜਿਹਾ ਹੀ ਹੋਇਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਦੀ ਹੰਗਾਮੀ ਮੀਟਿੰਗ
ਪੰਜ ਤਖ਼ਤਾਂ ਦੇ ਜਥੇਦਾਰ ਕਰਨਗੇ ਮੰਥਨ: ਇਸ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪ ਕੇਸ ਦੀ ਅਗਵਾਈ ਕਰਨ ਦੀ ਅਪੀਲ ਕੀਤੀ ਸੀ। ਇਸ ਲਈ ਹੁਣ ਮੰਥਨ ਕਰਨ ਦੇ ਲਈ ਪੰਜਾਂ ਤਖ਼ਤਾਂ ਦੇ ਜਥੇਦਾਰ ਇਕੱਠੇ ਹੋ ਰਹੇ ਹਨ। ਜਾਣਕਾਰੀ ਅਨੁਸਾਰ 5 ਦੰਸਬਰ ਨੂੰ ਬਲਵੰਤ ਸਿੰਘ ਰਾਜੋਆਣਾ ਨੇ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਜੇਲ੍ਹ ਪ੍ਰਸ਼ਸਾਨ ਵੱਲੋਂ ਰਾਜੋਆਣਾ ਨੂੰ ਬੈਰਕ ਵਿੱਚ ਰੋਟੀ ਭੇਜੀ ਗਈ ਸੀ, ਪਰ ਉਨ੍ਹਾਂ ਨੇ ਖਾਣ ਤੋਂ ਮਨ੍ਹਾ ਕਰ ਦਿੱਤਾ ਸੀ।
ਸ਼੍ਰੋਮਣੀ ਕਮੇਟੀ ਵਲੋਂ ਬੰਦੀ ਸਿੰਘਾਂ ਲਈ ਯਤਨ ਜਾਰੀ: ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਦਾਇਤਾਂ ਮਿਲਣ ਮਗਰੋਂ ਇੱਕ ਤੋਂ ਬਾਅਦ ਇੱਕ-ਇੱਕ ਕਰਕੇ ਤਿੰਨ ਮੀਟਿੰਗਾਂ ਕੀਤੀਆਂ। ਜਿਸ ਵਿੱਚ ਫੈਸਲਾ ਕੀਤਾ ਗਿਆ ਸੀ ਕਿ 4 ਦਸੰਬਰ ਨੂੰ ਸ਼੍ਰੋਮਣੀ ਕਮੇਟੀ ਦਾ ਵਫ਼ਦ ਬਲਵੰਤ ਰਾਜੋਆਣਾ ਨੂੰ ਜੇਲ੍ਹ ਵਿੱਚ ਮਿਲੇਗਾ। ਜਿਸ ਲਈ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਭੇਜਿਆ ਗਿਆ ਸੀ, ਪਰ ਉਨ੍ਹਾਂ ਨੂੰ 4 ਦਸੰਬਰ ਨੂੰ ਜੇਲ੍ਹ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੇ 20 ਦਸੰਬਰ ਨੂੰ ਦਿੱਲੀ ਵਿੱਚ ਵੱਡਾ ਰੋਸ ਮਾਰਚ ਕੱਢਣ ਦਾ ਐਲਾਨ ਵੀ ਕੀਤਾ ਹੈ। ਜਿਸ ਵਿੱਚ ਉਹ ਭਾਰਤ ਦੇ ਰਾਸ਼ਟਰਪਤੀ ਨੂੰ 26 ਲੱਖ ਦਸਤਖ਼ਤਾਂ ਵਾਲੀਆਂ ਅਰਜ਼ੀਆਂ ਸੌਂਪਣਗੇ, ਜਿਸ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਘਟਾਉਣ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ, ਐਸਜੀਪੀਸੀ ਰਾਸ਼ਟਰਪਤੀ ਤੋਂ 2011 ਵਿੱਚ ਭੇਜੀ ਗਈ ਰਹਿਮ ਦੀ ਅਪੀਲ 'ਤੇ ਫੈਸਲਾ ਲੈਣ ਦੀ ਮੰਗ ਕਰੇਗੀ।