ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਨਾਮਜ਼ਦਗੀਆਂ ਦੇ ਆਖਰੀ ਦਿਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚਾ ਦੇ ਨਾਂ ਨੂੰ ਚੋਣ ਕਮਿਸ਼ਨ ਨੇ ਮਨਜ਼ੂਰੀ ਦੇ ਦਿੱਤੀ ਹੈ। ਕਈ ਦਿਨਾਂ ਤੋਂ ਮੋਰਚੇ ਦੇ ਨੇਤਾ ਚੋਣ ਕਮਿਸ਼ਨ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀ ਅਰਜ਼ੀ 'ਤੇ ਧਿਆਨ ਦਿੱਤਾ ਜਾਵੇ, ਪਰ ਨਾਮਜ਼ਦਗੀਆਂ ਦੇ ਆਖ਼ਿਰੀ ਦਿਨ ਤੱਕ ਇਹ ਖ਼ਦਸ਼ਾ ਬਣਿਆ ਰਿਹਾ ਕਿ ਮੋਰਚਾ ਦੇ ਨਾਂ ਨੂੰ ਮਾਨਤਾ ਮਿਲੇਗੀ ਜਾਂ ਨਹੀਂ, ਪਰ ਮੰਗਲਵਾਰ ਦੇਰ ਰਾਤ ਚੋਣ ਕਮਿਸ਼ਨ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ।
ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕਮਿਸ਼ਨ ਵੱਲੋਂ ਸੰਯੁਕਤ ਸਮਾਜ ਮੋਰਚਾ ਨੂੰ ਕੋਈ ਚੋਣ ਨਿਸ਼ਾਨ ਜਾਰੀ ਨਹੀਂ ਕੀਤਾ ਹੈ।
ਮੁਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਨੇ ਦਿੱਤੀ ਜਾਣਕਾਰੀ
ਇਹ ਜਾਣਕਾਰੀ ਸੰਯੁਕਤ ਸਮਾਜ ਮੋਰਚਾ ਦੇ ਬੁਲਾਰੇ ਅਤੇ ਮੁਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਨੇ ਦਿੱਤੀ। ਉਨ੍ਹਾਂ ਨੇ ਪਾਰਟੀ ਦੇ ਨਾਂ ਨੂੰ ਚੋਣ ਕਮਿਸ਼ਨ ਵੱਲੋਂ ਮਨਜ਼ੂਰੀ ਦਿੱਤੇ ਜਾਣ 'ਤੇ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ 'ਪੰਜਾਬੀਆਂ ਦੀ ਜਿੱਤ। ਆਖ਼ਿਰਕਾਰ ਚੋਣ ਕਮਿਸ਼ਨ ਨੇ ਸੰਯੁਕਤ ਸਮਾਜ ਮੋਰਚਾ ਪਾਰਟੀ ਦੇ ਨਾਂ ਨੂੰ ਮਾਨਤਾ ਦੇ ਦਿੱਤੀ ਹੈ। ਦੇਰ ਆਏ, ਦਰੁਸਤ ਆਏ।
ਜ਼ਿਕਰਯੋਗ ਹੈ ਕਿ ਪਾਰਟੀ ਨੇ 25 ਦਸੰਬਰ ਨੂੰ ਚੋਣ ਕਮਿਸ਼ਨ ਨੂੰ ਅਰਜ਼ੀ ਦਿੱਤੀ ਸੀ। ਉਨ੍ਹਾਂ ਦੀ ਅਰਜ਼ੀ 'ਤੇ ਕਮਿਸ਼ਨ ਵੱਲੋਂ ਇਤਰਾਜ਼ ਉਠਾਇਆ ਗਿਆ ਸੀ, ਜਿਸ ਦਾ ਜਵਾਬ ਮੋਰਚੇ ਵੱਲੋਂ ਸੱਤ ਜਨਵਰੀ ਨੂੰ ਦੇ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਵੀ ਮੋਰਚਾ ਦੇ ਨਾਂ ਨੂੰ ਕਮਿਸ਼ਨ ਨੇ ਮਾਨਤਾ ਨਹੀਂ ਦਿੱਤੀ ਸੀ।
ਮਾਨਤਾ ਮਿਲਣ ਤੋਂ ਪਹਿਲਾਂ ਸੰਯੁਕਤ ਸਮਾਜ ਮੋਰਚੇ ਨੂੰ ਵਿਧਾਨ ਸਭਾ 2022 ਦੀਆਂ ਚੋਣਾਂ ਲਈ ਆਪਣਾ ਸਹਿਯੋਗ ਨਾ ਮਿਲਣ 'ਤੇ ਰੁਲਦੂ ਸਿੰਘ ਮਾਨਸਾ ਨੇ ਵਿਰੋਧੀਆਂ ਉੱਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸਾਡਾ ਇੱਕ ਵਕੀਲ ਸੀ ਅਤੇ ਆਮ ਆਦਮੀ ਪਾਰਟੀ ਦੇ ਅੱਠ ਵਕੀਲ ਸਨ, ਜੋ ਕਿ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਇਨ੍ਹਾਂ ਨੂੰ ਅੱਠ ਦਿਨਾਂ ਦੇ ਵਿਚ ਤੁਸੀਂ ਕਿਵੇਂ ਰਜਿਸਟਰਡ ਕਰ ਰਹੇ ਹੋ, ਤਾਂ ਇਸ ਲਈ ਸੰਯੁਕਤ ਸਮਾਜ ਮੋਰਚਾ ਨੂੰ ਚੋਣ ਨਿਸ਼ਾਨ ਨਹੀਂ ਮਿਲਿਆ।
ਦੱਸਣਯੋਗ ਹੈ ਕਿ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ੍ਹਨ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਸਮਾਜ ਮੋਰਚਾ ਨਾਮ ਦੀ ਪਾਰਟੀ ਬਣਾਈ ਗਈ ਹੈ।
ਇਹ ਵੀ ਪੜ੍ਹੋ:Assembly elections 2022: AAP ਦੀ ਵਿਰੋਧਤਾ ਕਾਰਨ ਨਹੀਂ ਮਿਲਿਆ ਚੋਣ ਨਿਸ਼ਾਨ: ਰੁਲਦੂ ਸਿੰਘ ਮਾਨਸਾ