ਚੰਡੀਗੜ੍ਹ: ਪਾਕਿਸਤਾਨ 'ਚ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਲਈ ਕਿਹਾ ਹੈ।
ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਨਨਕਾਣਾ ਸਾਹਿਬ ਪਾਕਿਸਤਾਨ ਦੀ ਇਹ ਖ਼ਬਰ ਹੈਰਾਨ ਕਰ ਦੇਣ ਵਾਲੀ ਹੈ ਜਿੱਥੇ ਇੱਕ ਸਿੱਖ ਲੜਕੀ ਨੂੰ ਅਗਵਾਹ ਕਰਕੇ ਉਸ ਤੋਂ ਜ਼ਬਰਨ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਮੇਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਜੀ ਨੂੰ ਬੇਨਤੀ ਹੈ ਕਿ ਉਹ ਮਾਮਲੇ ਵਿੱਚ ਆਪਣਾ ਦਖ਼ਲ ਦੇਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਘਟਨਾ ਪ੍ਰਤੀ ਫੌਰਨ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।
ਇਸ ਮਾਮਲੇ 'ਚ ਪੀੜਤ ਲੜਕੀ ਦੇ ਪਰਿਵਾਰ ਨੇ ਵੀ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿ ਫ਼ੌਜ ਮੁਖੀ ਤੋਂ ਮਦਦ ਲਈ ਗੁਹਾਰ ਲਗਾਈ ਹੈ। ਕੁੜੀ ਦੇ ਭਰਾ ਦਾ ਕਹਿਣਾ ਹੈ ਕਿ ਉਸ ਦੀ ਭੈਣ ਨੂੰ ਅਗਵਾ ਕਰ ਧਮਕੀ ਦਿੱਤੀ ਗਈ ਸੀ ਕਿ ਜੇ ਉਸ ਨੇ ਇਸਲਾਮ ਨਾ ਕਬੂਲਿਆ ਤਾਂ ਉਸ ਦੇ ਪਿਤਾ ਅਤੇ ਭਰਾਵਾਂ ਨੂੰ ਮਾਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨੀ ਪਾਕਿਸਤਾਨ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਦੀ 19 ਸਾਲਾ ਸਿੱਖ ਕੁੜੀ ਦਾ ਜਬਰਨ ਧਰਮ-ਬਦਲੀ ਕਰ ਕੇ ਉਸ ਨਾਲ ਜਬਰਨ ਨਿਕਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪਰਿਵਾਰ ਅਤੇ ਸਿੱਖ ਭਾਈਚਾਰੇ ਨੇ ਦੋਸ਼ ਲਾਏ ਹਨ ਕਿ ਮੁਸਲਿਮ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਜਬਰਨ ਨਿਕਾਹ ਕੀਤਾ ਹੈ।