ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵਲੋਂ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ 'ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਗਈ। ਜਿਸ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਸਟੈਂਡ ਸਪੱਸ਼ਟ ਹੈ ਕਿ ਪੰਜਾਬ ਦਾ ਪਾਣੀ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪਾਣੀ ਤੋਂ ਬਿਨਾਂ ਕੁਝ ਵੀ ਨਹੀਂ ਹੈ। ਸੁਖਬਰਿ ਬਾਦਲ ਨੇ ਕਿਹਾ ਕਿ ਪਾਣੀ ਦੇ ਮੁੱਦੇ 'ਚ ਸਭ ਤੋਂ ਵੱਡੀ ਦੋਸ਼ੀ ਕਾਂਗਰਸ ਸਰਕਾਰ ਹੈ। ਜਿਸ ਨੇ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਪਾਣੀ ਦਿੱਤਾ।(Governor Banwari lal Purohit)(Shiromani Akali Dal )
SYL ਦੇ ਮੁੱਦੇ ਨੂੰ ਲੈਕੇ ਘੇਰੀ ਸਰਕਾਰ:ਸੁਖਬੀਰ ਬਾਦਲ ਦਾ ਕਹਿਣਾ ਕਿ ਕੇਜਰੀਵਾਲ ਦੀ ਨਜ਼ਰ ਹਰਿਆਣਾ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ 'ਤੇ ਹੈ, ਜਿਸ ਲਈ ਇਹ ਸਭ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਪੰਜਾਬ ਨੂੰ ਬਰਬਾਦ ਕਰਨ 'ਤੇ ਤੁਰੀ ਹੋਈ ਹੈ, ਕਿਉਂਕਿ ਹਰਿਆਣਾ ਆਪ ਦੀ ਪ੍ਰੈਸ ਕਾਨਫਰੰਸ ਪੰਜਾਬ ਦੇ ਮੰਤਰੀ ਦੀ ਕੋਠੀ 'ਚ ਹੁੰਦੀ ਹੈ, ਜਿਥੇ ਬੈਠ ਕੇ ਪੰਜਾਬ ਤੋਂ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਨਹੀਂ ਦਿੱਤੀ ਜਾਵੇਗੀ ਅਤੇ ਰਾਜਪਾਲ ਨੂੰ ਕਿਹਾ ਹੈ ਕਿ ਇਹ ਮੁੱਖ ਮੰਤਰੀ ਪੰਜਾਬ ਦਾ ਸੀਐਮ ਬਣਨ ਦੇ ਯੋਗ ਨਹੀਂ ਹੈ।
ਅਕਾਲੀ ਦਲ ਦਾ ਸਟੈਂਡ ਸਪੱਸ਼ਟ:ਸੁਖਬੀਰ ਬਾਦਲ ਦਾ ਕਹਿਣਾ ਕਿ ਕੇਂਦਰ ਭਾਵੇਂ ਫੌਜ ਵੀ ਲਗਾ ਦੇਣੇ ਤਾਂ ਵੀ ਪਾਣੀ ਨਹੀਂ ਜਾਣ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਕਿ ਜੇ ਸੂਬੇ 'ਚ ਅਕਾਲੀ ਸਰਕਾਰ ਆਉਂਦੀ ਹੈ ਤਾਂ ਉਹ ਰਾਜਸਥਾਨ ਨੂੰ ਪੰਜਾਬ ਦਾ ਜਾਂਦਾ ਪਾਣੀ ਬੰਦ ਕਰਨਗੇ ਅਤੇ ਪਾਣੀਆਂ ਦੇ ਸਮਝੌਤੇ ਮੁੜ ਤੋਂ ਮੁਲਾਂਕਣ ਕਰਨਗੇ। ਸੁਖਬੀਰ ਬਾਦਲ ਦਾ ਕਹਿਣਾ ਕਿ ਪੰਜਾਬ ਦੀ ਆਪ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ, ਜਿਸ ਦੇ ਚੱਲਦੇ ਹਰਿਆਣਾ ਨੂੰ ਪਾਣੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ ਕਿ ਅਸੀਂ ਐਸਵਾਈਐਲ ਦਾ ਪਾਣੀ ਦੇਣਾ ਚਾਹੁੰਦੇ ਹਾਂ ਪਰ ਵਿਰੋਧੀ ਪਾਰਟੀਆਂ ਨਹੀਂ ਮੰਨ ਰਹੀਆਂ।
ਅਕਾਲੀ ਦਲ ਨੇ ਕੀਤੀ ਸੀ ਜ਼ਮੀਨ ਵਾਪਸ:ਸੁਖਬੀਰ ਬਾਦਲ ਨੇ ਕਿਹਾ ਕਿ ਵਿਧਾਨ ਸਭਾ 'ਚ ਮਤਾ ਪਾ ਕੇ ਮਰਹੂਮ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਤੋਂ ਅਕਵਾਇਰ ਕੀਤੀ ਜ਼ਮੀਨ ਵੀ ਵਾਪਸ ਕੀਤੀ ਸੀ ਪਰ ਦੇਸ਼ 'ਚ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਵਲੋਂ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਦੇਣ ਦਾ ਫੈਸਲਾ ਕੀਤਾ ਤੇ ਉਸ ਸਮੇਂ ਸੂਬੇ 'ਚ ਕਾਂਗਰਸ ਦੀ ਸਰਕਾਰ ਸੀ ਤੇ ਅਕਾਲੀ ਲੀਡਰ ਸਾਰੇ ਜੇਲ੍ਹਾਂ 'ਚ ਬੰਦ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਣੀਆਂ ਦੀ ਲੜਾਈ ਲੜਦਾ ਆਇਆ ਹੈ ਤੇ ਅੱਗੇ ਵੀ ਲੜਦਾ ਰਹੇਗਾ।
ਨਾਜਾਇਜ਼ ਮਾਈਨਿੰਗ ਦਾ ਵੀ ਚੁੱਕਿਆ ਮੁੱਦਾ: ਇਸ ਦੇ ਨਾਲ ਹੀ ਸੂਬੇ 'ਚ ਨਾਜਾਇਜ਼ ਮਾਈਨਿੰਗ ਨੂੰ ਲੈਕੇ ਅਕਾਲੀ ਦਲ ਵਲੋਂ ਰਾਜਪਾਲ ਕੋਲ ਮੁੱਦਾ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਸੂਬੇ 'ਚ ਮਾਈਨਿੰਗ ਹੋ ਰਹੀ ਹੈ ਅਤੇ ਵਿਧਾਇਕ ਖੁਦ ਇਹ ਕੰਮ ਕਰ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਮਾਈਨਿੰਗ ਤੋਂ 20 ਕਰੋੜ ਕਮਾਉਣ ਦੀ ਗੱਲ ਕਰਦੇ ਸੀ ਪਰ ਅੱਜ ਉਹ ਪੈਸੇ ਕਿਥੇ ਹਨ। ਅਕਾਲੀ ਦਲ ਨੇ ਕਿਹਾ ਕਿ ਰਾਜਪਾਲ ਖੁਦ ਜਾ ਕੇ ਉਥੇ ਮੌਕਾ ਦੇਖਣ ਕਿਉਂਕਿ ਸਰਕਾਰ ਨੇ ਆਪਣਿਆਂ ਨੂੰ ਬਚਾਉਣ ਲਈ ਐਸਐਸਪੀ ਤੱਕ ਦੀ ਬਦਲੀ ਕਰ ਦਿੱਤੀ। ਸੁਖਬੀਰ ਬਾਦਲ ਦਾ ਕਹਿਣਾ ਕਿ ਸਰਕਾਰ ਖੁਦ ਸੂਬੇ ਨਾਜਾਜ਼ਿ ਮਾਈਨਿੰਗ ਕਰਵਾ ਰਹੀ ਹੈ, ਜਿਸ 'ਚ ਕਾਰਵਾਈ ਕਰਨ 'ਤੇ ਇਮਾਨਦਾਰ ਐਸਐਸਪੀ ਨੂੰ ਨਤੀਜੇ ਵਜੋਂ ਬਦਲੀ ਦਾ ਸਾਹਮਣਾ ਕਰਨਾ ਪਿਆ।
'ਪੰਜਾਬ 'ਚ ਵੀ ਹੋਇਆ ਵੱਡਾ ਸ਼ਰਾਬ ਘੁਟਾਲਾ': ਇਸ ਦੇ ਨਾਲ ਹੀ ਅਕਾਲੀ ਦਲ ਨੇ ਦਿੱਲੀ ਸ਼ਰਾਬ ਘੁਟਾਲੇ ਦਾ ਮੁੱਦਾ ਵੀ ਚੁੱਕਿਆ, ਉਨ੍ਹਾਂ ਕਿਹਾ ਕਿ ਈਡੀ ਵਲੋਂ ਸੰਜੇ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਹੀ ਕਾਰਵਾਈ ਕੀਤੀ ਗਈ ਹੈ ਤੇ ਇਸ 'ਚ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਵੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਦੀ ਤਰਜ 'ਤੇ ਪੰਜਾਬ 'ਚ ਸ਼ਰਾਬ ਨੀਤੀ ਬਣੀ ਹੈ, ਜਿਸ 'ਚ ਦਿੱਲੀ ਨਾਲੋਂ ਵੀ ਵੱਡਾ ਘੁਟਾਲਾ ਪੰਜਾਬ 'ਚ ਸ਼ਰਾਬ ਨੀਤੀ ਤਹਿਤ ਕੀਤਾ ਗਿਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮੁੱਦੇ 'ਤੇ ਅਕਾਲੀ ਦਲ ਵਲੋਂ ਲੋਕ ਸਭਾ 'ਚ ਵੀ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ਦੇ ਪਿੱਛੇ ਮਾਸਟਰ ਮਾਈਂਡ ਅਰਵਿੰਦ ਕੇਜਰੀਵਾਲ ਹੈ, ਜਿਸ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ 'ਚ ਵੀ ਇਸ ਸ਼ਰਾਬ ਘੁਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ।