ਹੈਦਰਾਬਾਦ ਡੈਸਕ:ਬੰਦਾ ਸਿੰਘ ਬਹਾਦਰ ਹੀ ਅਜਿਹਾ ਯੋਧਾ ਰਿਹਾ ਹੈ ਜਿਨ੍ਹਾਂ ਨੇ ਮੁਗਲਾਂ ਦੇ ਹੰਕਾਰ ਨੂੰ ਭੰਨਿਆ। ਉਨ੍ਹਾਂ ਨੇ ਮੁਗਲਾਂ ਵਿਰੁੱਧ ਸਾਰੀਆਂ ਲੜਾਈਆਂ ਜਿੱਤੀਆਂ, ਪਰ 1715 ਵਿੱਚ ਆਖਰੀ ਲੜਾਈ ਲੜੀ ਗਈ ਜਿਸ ਵਿੱਚ ਉਨ੍ਹਾਂ ਨੂੰ ਭੋਜਨ ਦੀ ਘਾਟ ਕਾਰਨ ਆਤਮ ਸਮਰਪਣ ਕਰਨਾ ਪਿਆ। ਇਸ ਤੋਂ ਬਾਅਦ ਮੁਗਲ ਬਾਦਸ਼ਾਹ ਫਰੂਖਸੀਅਰ ਨੇ ਬੰਦਾ ਸਿੰਘ ਅਤੇ ਉਸ ਦੇ ਸਿਪਾਹੀਆਂ ਦੀਆਂ ਲਾਸ਼ਾਂ ਦੇ ਟੁਕੜੇ ਕਰ ਦਿੱਤੇ ਸਨ। ਬੰਦਾ ਸਿੰਘ ਬਹਾਦਰ ਦਾ ਨਾਮ ਸਿੱਖ ਧਰਮ ਦੇ ਮਹਾਨ ਯੋਧਿਆਂ ਅਤੇ ਸ਼ਹੀਦਾਂ ਦੀ ਸੂਚੀ ਵਿੱਚ ਸ਼ਾਮਲ ਹੈ। ਅੱਜ ਇਸ ਮਹਾਨ ਯੋਧੇ ਦਾ ਸ਼ਹੀਦੀ ਦਿਵਸ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਮਾਨ ਦਾ ਟਵੀਟ:ਸਿੱਖਾਂ ਦੇ ਇਤਿਹਾਸ ਵਿੱਚ ਸ਼ਾਮਲ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨ੍ਹਾਂ ਲਿਖਿਆ ਕਿ ਕੌਮ ‘ਚ ਜ਼ੁਲਮ ਤੇ ਜਬਰ ਅੱਗੇ ਲੜਨ ਦਾ ਜੋਸ਼ ਤੇ ਜਜ਼ਬਾ ਭਰਿਆ ਹੈ।
ਦਸਮ ਪਾਤਸ਼ਾਹ ਤੋਂ ਥਾਪੜਾ ਲੈ ਮਾਧੋ ਦਾਸ ਤੋਂ ਬਣਿਆ ਬੰਦਾ ਸਿੰਘ ਬਹਾਦਰ। ਸਿੱਖ ਕੌਮ ਦੀ ਅਗਵਾਈ ਕਰਦੇ ਹੋਏ ਅਨੇਕਾਂ ਜੰਗਾਂ ਜਿੱਤੀਆਂ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ। ਕੌਮ ‘ਚ ਜ਼ੁਲਮ ਤੇ ਜਬਰ ਅੱਗੇ ਲੜਨ ਦਾ ਜੋਸ਼ ਤੇ ਜਜ਼ਬਾ ਭਰਿਆ। ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ: ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 1670 ਈ. ਵਿੱਚ ਰਾਜੌਰੀ (ਪੁਣਛ) ਵਿਖੇ ਸ਼੍ਰੀ ਰਾਮ ਦੇਵ ਭਾਰਦਵਾਜ ਰਾਜਪੂਤ ਦੇ ਘਰ ਹੋਇਆ ਸੀ। ਉਨ੍ਹਾਂ ਦਾ ਨਾਂਅ ਲਛਮਣ ਦਾਸ ਰੱਖਿਆ ਗਿਆ ਸੀ। ਉਨ੍ਹਾਂ ਨੇ ਜਾਨਕੀ ਪ੍ਰਸਾਦ ਵੈਰਾਗੀ ਸਾਧੂ ਪਾਸੋਂ ਰਾਜੌਰੀ ਵਿਖੇ ਉਪਦੇਸ਼ ਲਿਆ ਅਤੇ ਫਿਰ ਸਾਧੂ ਰਾਮਦਾਸ ਪਾਸੋਂ ਰਾਮਧੰਮਣ, ਲਾਹੌਰ ਵਿਖੇ ਤੇ ਇਸੇ ਤਰ੍ਹਾਂ ਜੋਗੀ ਔਘੜ ਨਾਥ ਪਾਸੋਂ ਨਾਸਿਕ ਵਿਖੇ ਉਪਦੇਸ਼ ਲਿਆ ਸੀ। ਜਦੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ (ਮਹਾਰਾਸ਼ਟਰ) ਪੁੱਜੇ, ਤਾਂ ਉਥੇ ਲਛਮਣ ਦਾਸ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ ਅਤੇ ਉਹ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੋ ਗਏ।
ਲਛਮਣ ਦਾਸ ਤੋਂ ਬਣੇ ਸਿੰਘ, ਮਿਲਿਆ ਇਹ ਰੂਪ: ਗੁਰੂ ਗੋਬਿੰਦ ਸਿੰਘ ਜੀ ਨੇ ਲਛਮਣ ਦਾਸ ਨੂੰ ਅੰਮ੍ਰਿਤ ਛੱਕਵਾਇਆ ਅਤੇ ਮਾਧੋ ਦਾਸ ਬੈਰਾਗੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾਇਆ। ਸਿੱਖ ਰਹਿਤ 'ਚ ਪੱਕੇ ਰਹਿਣ ਅਤੇ ਔਕੜਾਂ ਵੇਲ੍ਹੇ ਅਕਾਲ ਪੁਰਖ ਅੱਗੇ ਅਰਦਾਸ ਕਰਨ ਦੀ ਹਦਾਇਤ ਕੀਤੀ। ਸਿੰਘ ਸਜਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਵਾਏ ਜਾਣ ਉੱਤੇ ਗੁਰੂ ਘਰ ਦੇ ਹੋਰ ਦੋਖੀਆਂ ਨੂੰ ਕੀਤੇ ਦੀ ਸਜ਼ਾ ਦੇਣ ਲਈ 26 ਨਵੰਬਰ 1709 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਉੱਤੇ ਹਮਲਾ ਬੋਲ ਦਿੱਤਾ, ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲਦੀਨ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸਲਬੇਗ਼ ਤੇ ਬਾਸ਼ਲਬੇਗ਼ ਰਹਿੰਦੇ ਸੀ ਅਤੇ ਉਨ੍ਹਾਂ ਦਾ ਖਾਤਮਾ ਕੀਤਾ।
ਸਰਹਿੰਦ ਉੱਤੇ ਕਬਜ਼ਾ ਤੇ ਆਤਮ ਸਮਰਪਣ:ਮਈ 1710 ਵਿਚ, ਉਸਨੇ ਸਰਹਿੰਦ ਨੂੰ ਜਿੱਤ ਲਿਆ ਅਤੇ ਸਤਲੁਜ ਦੇ ਦੱਖਣ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ। ਬਹਾਦੁਰ ਸ਼ਾਹ ਨੇ ਦਸੰਬਰ 1710 ਵਿੱਚ ਹਮਲਾ ਕਰਕੇ ਬਾਬਾ ਬੰਦਾ ਸਿੰਘ ਨੂੰ ਹਰਾਇਆ ਅਤੇ ਸਰਹਿੰਦ 'ਤੇ ਮੁੜ ਕਬਜ਼ਾ ਕਰ ਲਿਆ। 10 ਦਸੰਬਰ 1710 ਨੂੰ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਅਤੇ ਉਸ ਦੀ ਫ਼ੌਜ ਨੂੰ ਫੜਨ ਦਾ ਹੁਕਮ ਜਾਰੀ ਕੀਤਾ। ਸੰਨ 1715 ਵਿਚ ਅਬਦੁਲ ਸਮਦ ਖ਼ਾਨ ਦੀ ਅਗਵਾਈ ਵਿੱਚ ਬਾਦਸ਼ਾਹ ਫਰੂਖਸੀਅਰ ਦੀ ਫ਼ੌਜ ਨੇ ਗੁਰਦਾਸਪੁਰ ਨੇੜੇ ਗੁਰਦਾਸ ਨੰਗਲ ਪਿੰਡ ਵਿਚ ਬੰਦਾ ਸਿੰਘ ਅਤੇ ਉਸ ਦੀ ਫ਼ੌਜ ਨੂੰ ਕਈ ਮਹੀਨਿਆਂ ਤਕ ਘੇਰਾ ਪਾ ਲਿਆ।
ਭੋਜਨ ਦੀ ਕਮੀ ਤੋਂ ਮਜਬੂਰ ਹੋ ਕੇ ਉਸ ਨੇ ਆਤਮ ਸਮਰਪਣ ਕਰ ਦਿੱਤਾ। 1717 ਦੇ ਸ਼ੁਰੂ ਵਿਚ ਬੰਦਾ ਸਿੰਘ ਨੂੰ ਲਗਭਗ 794 ਯੋਧਿਆਂ ਨਾਲ ਦਿੱਲੀ ਲਿਆਂਦਾ ਗਿਆ। 5 ਮਾਰਚ ਤੋਂ 13 ਮਾਰਚ ਤੱਕ ਲਗਾਤਾਰ 9 ਦਿਨ ਰੋਜ਼ਾਨਾ ਤਕਰੀਬਨ 100 ਸਿੱਖਾਂ ਨੂੰ ਫਾਂਸੀ ਦਿੱਤੀ ਗਈ। ਬੰਦਾ ਸਿੰਘ ਬਹਾਦਰ ਨੂੰ ਇਸਲਾਮ ਕਬੂਲ ਕਰਨ ਜਾਂ ਮੌਤ ਦੀ ਸਜ਼ਾ ਚੁਣਨ ਦਾ ਵਿਕਲਪ ਦਿੱਤਾ ਗਿਆ ਸੀ। ਬੰਦਾ ਸਿੰਘ ਨੇ ਮੌਤ ਨੂੰ ਚੁਣਿਆ। ਬਾਦਸ਼ਾਹ ਫਰੂਖਸੀਅਰ ਦੇ ਹੁਕਮ 'ਤੇ ਬੰਦਾ ਸਿੰਘ ਅਤੇ ਉਸ ਦੇ ਫੌਜੀ ਅਫਸਰਾਂ ਦੀਆਂ ਲਾਸ਼ਾਂ ਦੇ ਟੁਕੜੇ ਕਰ ਦਿੱਤੇ ਗਏ।