ਚੰਡੀਗੜ੍ਹ ਡੈਸਕ :13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਰੌਲਟ ਐਕਟ ਵਿਰੁੱਧ ਸ਼ਾਂਤੀ ਨਾਲ ਸਭਾ ਕਰ ਰਹੇ ਨਿਹੱਥੇ ਲੋਕਾਂ ਉੱਤੇ ਹੋਏ ਖੂਨੀ ਤਸ਼ੱਦਦ ਦਾ ਬਦਲਾ ਲੈਣ ਵਾਲੇ ਸੂਰਮੇ ਸ਼ਹੀਦ ਊਧਮ ਸਿੰਘ ਜੀ ਦਾ ਅੱਜ 83ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਸੂਬੇ ਭਰ ਵਿੱਚ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਊਧਮ ਸਿੰਘ ਇੱਕ ਅਜਿਹਾ ਪੰਜਾਬੀ ਸ਼ੇਰ ਸੀ, ਜਿਸ ਨੇ ਨਿਹੱਥੇ ਲੋਕਾਂ ਨੂੰ ਮਾਰਨ ਵਾਲੀ ਅੰਗ੍ਰੇਜ਼ੀ ਹਕੂਮਤ ਦੇ ਪਿਆਦੇ ਨੂੰ ਉਸ ਦੇ ਆਪਣੇ ਦੇਸ਼ ਵਿੱਚ ਹੀ ਜਾ ਕੇ ਮਾਰਿਆ ਅਤੇ ਕਾਇਰਤਾ ਅਤੇ ਬਹਾਦੁਰੀ ਦਾ ਫ਼ਰਕ ਦੱਸਿਆ। ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਸ਼ਰਧਾਂਜਲੀ ਦਿੱਤੀ ਹੈ।
ਪੰਜਾਬ ਦੀ ਅਣਖ ਦਾ ਦੂਜਾ ਨਾਮ ਹੈ ਸ਼ਹੀਦ ਊਧਮ ਸਿੰਘ ਜੀ… ਜਲ੍ਹਿਆਂਵਾਲੇ ਬਾਗ ‘ਚ ਬੇਦੋਸ਼ਿਆਂ ‘ਤੇ ਹੋਏ ਖ਼ੂਨੀ ਤਸ਼ੱਦਦ ਨੇ ਊਧਮ ਸਿੰਘ ਦੀ ਜ਼ਿੰਦਗੀ ਨੂੰ ਨਵਾਂ ਰਾਹ ਤੇ ਮਕਸਦ ਦੇ ਦਿੱਤਾ…ਪੰਜਾਬ ਤੋਂ ਲੰਡਨ ਜਾ ਕੇ ਆਪਣੇ ਮਕਸਦ ਨੂੰ ਅੰਜਾਮ ‘ਚ ਬਦਲ ਦਿੱਤਾ… ਪੰਜਾਬ ਦੀ ਧਰਤੀ ਦੇ ਅਣਖੀ ਯੋਧੇ ਸ਼ਹੀਦ ਊਧਮ ਸਿੰਘ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਦਿਲੋਂ ਸਿਜਦਾ ਕਰਦਾ ਹਾਂ…. -ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
ਸ਼ਹੀਦ ਊਧਮ ਸਿੰਘ ਜੀ ਦੀ ਜੀਵਨੀ :ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਵਿਖੇ ਹੋਇਆ ਸੀ। ਬਚਪਨ ਵਿੱਚ ਹੀ ਮਾਤਾ-ਪਿਤਾ ਤੋਂ ਵਾਂਝੇ ਹੋਣ ਕਾਰਨ ਊਧਮ ਸਿੰਘ ਦਾ ਬਚਪਨ ਅੰਮ੍ਰਿਤਸਰ ਦੇ ਇੱਕ ਅਨਾਥ ਆਸ਼ਰਮ ਵਿੱਚ ਬੀਤਿਆ। ਜਿਥੇ ਇਸ ਬਹਾਦਰ ਸ਼ੇਰ ਨੂੰ ਊਧਮ ਸਿੰਘ ਦਾ ਨਾਂਅ ਦਿੱਤਾ। ਊਧਮ ਸਿੰਘ ਨੇ 1919 ਵਿੱਚ ਅਨਾਥ ਆਸ਼ਰਮ ਨੂੰ ਛੱਡ ਦਿੱਤਾ। ਇਹ ਉਹ ਸਾਲ ਸੀ ਜਦੋਂ ਅੰਗ੍ਰੇਜ਼ੀ ਹਕੂਮਤ ਦੇ ਅਧਿਕਾਰੀ ਬ੍ਰਿਗੇਡੀਅਰ ਜਨਰਲ ਮਾਇਕਲ ਓਡਵਾਇਰ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।
ਬੇਦੋਸ਼ਿਆਂ ਉਤੇ ਹੋਈ ਖੂਨੀ ਤਸ਼ੱਦਦ ਦੀ ਮਨ ਵਿੱਚ ਬਾਲ਼ੀ ਰੱਖੀ ਚੰਗਿਆੜੀ :13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਰੌਲਟ ਐਕਟ ਵਿਰੁੱਧ ਸਾਂਤੀ ਨਾਲ ਸਭਾ ਕਰ ਰਹੇ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਰਕਾਰੀ ਅੰਕੜਿਆਂ ਮੁਤਾਬਕ ਇਸ ਗੋਲੀਬਾਰੀ ਵਿੱਚ 1000 ਲੋਕ ਮਾਰੇ ਗਏ ਸਨ ਅਤੇ 2000 ਤੋਂ ਜ਼ਿਆਦਾ ਜ਼ਖ਼ਮੀ ਹੋਏ ਸਨ। ਇਸ ਕਤਲੇਆਮ ਦਾ ਗਵਾਹ ਊਧਮ ਸਿੰਘ ਹੀ ਸੀ, ਕਿਉਂਕਿ ਊਧਮ ਸਿੰਘ ਵੀ ਉਸ ਦਿਨ ਜ਼ਲ੍ਹਿਆਂਵਾਲੇ ਬਾਗ ਵਿੱਚ ਹਾਜ਼ਰ ਸਨ। ਊਧਮ ਸਿੰਘ ਨੇ ਉਸੇ ਦਿਨ ਜ਼ਲ੍ਹਿਆਂਵਾਲੇ ਬਾਗ ਦੀ ਮਿੱਟੀ ਨੂੰ ਹੱਥ ਵਿੱਚ ਲੈ ਕੇ ਜਨਰਲ ਡਾਇਰ ਪੰਜਾਬ ਦੇ ਗਵਰਨਰ ਮਾਇਕਲ ਓਡਵਾਇਰ ਨੂੰ ਸਬਕ ਸਿਖਾਉਣ ਦੀ ਸਹੁੰ ਖਾਧੀ ਤੇ 21 ਸਾਲ ਆਪਣੇ ਮਨ ਵਿੱਚ ਬਦਲੇ ਦੀ ਚੰਗਿਆੜੀ ਬਾਲ਼਼ੀ ਰੱਖੀ, ਉਸ ਦਿਨ ਦੀ ਖਾਧੀ ਹੋਈ ਸਹੁੰ ਊਧਮ ਸਿੰਘ ਨੂੰ ਲੰਦਨ ਲੈ ਪਹੁੰਚੀ।
ਕਿਵੇਂ ਮਾਰਿਆ ਮਾਈਕਲ ਅਡਵਾਇਕਰ :ਊਧਮ ਸਿੰਘ ਦੇ ਲੰਡਨ ਪਹੁੰਚਣ ਤੋਂ ਪਹਿਲਾਂ ਹੀ ਜਨਰਲ ਡਾਇਰ 1927 ਵਿੱਚ ਬੀਮਾਰੀ ਕਾਰਨ ਮਰ ਗਿਆ ਸੀ, ਪਰ ਊਧਮ ਸਿੰਘ ਮਾਈਕਲ ਅਡਵਾਇਰ ਨੂੰ ਮਾਰਨ ਦਾ ਮੌਕਾ ਲੱਭ ਰਿਹਾ ਸੀ। 21 ਸਾਲਾਂ ਬਾਅਦ ਜ਼ਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਨੂੰ ਲੈ ਕੇ ਲੰਦਨ ਦੇ ਕੈਕਸਟਨ ਹਾਲ ਵਿੱਚ ਮੀਟਿੰਗ ਚੱਲ ਰਹੀ ਸੀ, ਜਿਸ ਵਿੱਚ ਮਾਇਕਲ ਅਡਵਾਇਰ ਵੀ ਸ਼ਾਮਲ ਸੀ, ਇਸ ਮੀਟਿੰਗ ਵਿੱਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਦੀ ਮਨਾਹੀ ਸੀ ਅਤੇ ਮੀਟਿੰਗ ਵਿੱਚ ਜਾਣ ਵਾਲੇ ਦਰਵਾਜ਼ੇ ਉੱਤੇ ਸਖ਼ਤ ਸੁਰੱਖਿਆ ਦਾ ਪਹਿਰਾ ਸੀ, ਪਰ ਊਧਮ ਸਿੰਘ ਮੀਟਿੰਗ ਵਿੱਚ ਇੱਕ ਰਿਵਾਲਵਰ ਕਿਤਾਬ ਵਿੱਚ ਲੁਕਾ ਲੈ ਕੇ ਗਏ ਸਨ। ਮੀਟਿੰਗ ਤੋਂ ਪੂਰੀ ਇੱਕ ਰਾਤ ਪਹਿਲਾਂ ਊਧਮ ਸਿੰਘ ਨੇ ਕਿਤਾਬ ਦੇ ਪੰਨਿਆਂ ਨੂੰ ਕੱਟ-ਕੱਟ ਕੇ ਰਿਵਾਲਵਰ ਦਾ ਆਕਾਰ ਦਿੱਤਾ। ਜਿਵੇਂ ਹੀ ਮੀਟਿੰਗ ਖ਼ਤਮ ਹੋਈ ਊਧਮ ਸਿੰਘ ਨੇ ਕਿਤਾਬ ਵਿੱਚੋਂ ਰਿਵਾਲਵਰ ਕੱਢ ਕੇ ਅਡਵਾਇਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਗੋਲੀਆਂ ਚੱਲਣ ਮਗਰੋਂ ਹਾਲ ਵਿੱਚ ਭੱਜ-ਦੌੜ ਮੱਚ ਗਈ, ਪਰ ਇਸ ਦਲੇਰ ਪੰਜਾਬੀ ਸ਼ੇਰ ਨੇ ਭੱਜਣ ਦੀ ਕੋਸ਼ਿਸ਼ ਨਾ ਕੀਤੀ। ਊਧਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ 4 ਜੂਨ 1940 ਨੂੰ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਤੇ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੇਂਟਨਵਿਲੇ ਜੇਲ੍ਹ ਵਿੱਚ ਫ਼ਾਂਸੀ ਉੱਤੇ ਟੰਗ ਦਿੱਤਾ ਗਿਆ, ਪਰ ਇਸ ਬਹਾਦਰ ਸ਼ੇਰ ਨੇ ਆਪਣੇ ਜਜ਼ਬੇ ਨਾਲ ਬ੍ਰਿਟਿਸ਼ ਹਕੂਮਤ ਨੂੰ ਅਜਿਹਾ ਹਿਲਾਇਆ ਕਿ ਗੋਰੇ ਅੱਜ ਵੀ ਊਧਮ ਸਿੰਘ ਦੇ ਨਾਂਅ ਤੋਂ ਡਰਦੇ ਹਨ।