ਮੋਹਾਲੀ:ਮੋਹਾਲੀ ਵਿੱਚ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਦੀ ਗੱਡੀ ਉੱਤੇ ਹਮਲਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਕੌਮੀ ਇਨਸਾਫ ਮੋਰਚੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਜਿੱਥੇ ਉਨ੍ਹਾਂ ਦੀ ਕਾਰ ਉਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀ ਦੇ ਪੱਥਰਾਂ ਨਾਲ ਸ਼ੀਸੇ ਭੰਨ ਦਿੱਤੇ। ਜਿਸ ਤੋਂ ਬਾਅਦ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਨੇ ਪ੍ਰੈਸ ਕਾਨਫਰੰਸ ਕੀਤੀ।
ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਧਾਮੀ ਚੰਡੀਗੜ੍ਹ ਮੋਹਾਲੀ ਬਾਰਡਰ ‘ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿਚ ਸਟੇਜ ਤੋਂ ਸੰਬੋਧਨ ਕਰਕੇ ਵਾਪਸ ਆਪਣੀ ਗੱਡੀ ਵੱਲ ਜਾ ਰਹੇ ਸਨ। ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਧਾਮੀ ਨੇ ਇਸਨੂੰ ਮੰਦਭਾਗੀ ਘਟਨਾ ਦੱਸਿਆ।
ਬੰਦੀ ਸਿੰਘਾਂ ਦੀ ਰਿਹਾਈ ਦੇ ਯਤਨਾਂ ਨੂੰ ਫੇਲ੍ਹ ਕਰਨ ਦੀ ਕੋਸ਼ਿਸ:ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਤੇ ਹੋਏ ਹਮਲੇ ਦਾ ਜਵਾਬ ਦਿੰਦਿਆਂ ਦੱਸਿਆ ਕਿ ਜਦੋਂ ਵੀ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਦੀ ਹੈ ਤਾਂ ਫੇਲ੍ਹ ਕਰਨ ਦੇ ਯਤਨ ਹਮੇਸ਼ਾ ਕੀਤੇ ਜਾਂਦੇ ਹਨ। ਜੋ ਅੱਜ ਵੀ ਹੋਇਆ ਹੈ ਕੁਝ ਲੋਕ ਮੇਰੇ ਕੋਲ ਆਏ ਅਤੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਜਾ ਰਿਹਾ ਹੈ। ਉਨ੍ਹਾਂ ਦੇ ਸੱਦੇ 'ਤੇ ਅੱਜ ਮੈਂ ਅਤੇ SGPC ਦੇ ਮੈਂਬਰ ਮੋਰਚੇ 'ਤੇ ਗਏ। ਕਿਉਂਕਿ SGPC ਵੱਲੋਂ ਵੀ ਇਹ ਮੁੱਦਾ ਉਠਾਇਆ ਜਾ ਰਿਹਾ ਹੈ। ਅਸੀਂ ਉੱਥੇ ਵਧੀਆ ਢੰਗ ਨਾਲ ਰੁਕੇ ਅਤੇ ਉਨ੍ਹਾਂ ਨੇ ਸਾਡਾ ਸਵਾਗਤ ਵੀ ਕੀਤਾ। ਜਗਤਾਰ ਹਵਾਰਾ ਦੇ ਪਿਤਾ ਨੇ ਵੀ ਉੱਥੇ ਸਟੇਜ ਤੋਂ ਭਾਸ਼ਣ ਦਿੱਤਾ। ਉਸ ਤੋਂ ਬਾਅਦ ਮੈਂ ਉੱਥੇ ਭਾਸ਼ਣ ਦਿੱਤਾ।
ਕੁਝ ਵਿਅਕਤੀਆਂ ਨੇ ਹੰਗਾਮਾ ਕੀਤਾ:ਧਾਮੀ ਨੇ ਦੱਸਿਆ ਅਸੀਂ ਉੱਥੇ ਕਿਹਾ ਕਿ ਅਸੀਂ ਇਸ ਸੰਘਰਸ਼ ਦੀ ਹਮਾਇਤ ਕਰਦੇ ਹਾਂ। ਜਿਵੇਂ ਹੀ ਅਸੀਂ ਬਾਹਰ ਆਏ ਤਾਂ ਕੁਝ ਲੋਕ ਉੱਥੇ ਆ ਗਏ ਅਤੇ ਹੰਗਾਮਾ ਕਰ ਦਿੱਤਾ। ਇੱਕ ਵਿਅਕਤੀ ਤਾਂ ਕਾਰ ਦੇ ਅੱਗੇ ਪਿਆ ਸੀ। ਮੇਰੀ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਇਹ ਪ੍ਰਬੰਧਕਾਂ ਦੀ ਜਿੰਮੇਵਾਰੀ ਸੀ। ਪਹਿਲਾਂ ਉਨ੍ਹਾਂ ਖੁਦ ਹੀ ਬੁਲਾਇਆ ਫਿਰ ਅਜਿਹਾ ਕਿਵੇਂ ਹੋਇਆ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਕੌਣ ਸਮਰਥਨ ਕਰੇਗਾ। ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਕਿਉਂਕਿ ਕਾਨੂੰਨ ਨੂੰ ਕਾਇਮ ਰੱਖਣਾ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਦੀ ਜ਼ਿੰਮੇਵਾਰੀ ਹੈ। ਅਸੀਂ ਇਸ ਤੋਂ ਡਰਦੇ ਨਹੀਂ ਅਸੀਂ ਸਿੱਖ ਮੁੱਦਿਆਂ 'ਤੇ ਲੜਦੇ ਰਹਾਂਗੇ। ਪ੍ਰਬੰਧਕਾਂ ਦੀ ਵੀ ਇਹ ਜਿੰਮੇਵਾਰੀ ਬਣਦੀ ਹੈ ਕਿ ਜਿਹੜੇ ਲੋਕ ਸਮਰਥਨ ਵਿਚ ਆ ਰਹੇ ਹਨ, ਉਨ੍ਹਾਂ ਦਾ ਸਨਮਾਨ ਕੀਤਾ ਜਾਵੇ।