ਚੰਡੀਗੜ੍ਹ: ਭਾਜਪਾ ਨਾਲ ਗੱਠਜੋੜ ਤੋੜਨਾ ਅਕਾਲੀ ਦਲ ਨੂੰ ਮਹਿੰਗਾ ਪੈ ਸਕਦਾ ਹੈ। ਗਠਜੋੜ ਤੋੜਨ ਤੋਂ ਬਾਅਦ ਭਾਜਪਾ ਵੱਲੋਂ ਸੇਵਾ-ਮੁਕਤ ਜੱਜ ਐੱਸ.ਐੱਸ ਸਾਰੋਂ ਨੂੰ ਚੀਫ਼ ਕਮਿਸ਼ਨਰ ਗੁਰਦੁਆਰਾ ਚੋਣ ਨਿਯੁਕਤ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਐੱਸ.ਐੱਸ. ਸਾਰੋਂ ਨੂੰ ਜੱਜ ਦਰਸ਼ਨ ਸਿੰਘ ਦੀ ਥਾਂ ਨਿਯੁਕਤ ਕੀਤਾ ਗਿਆ ਹੈ। ਜੱਜ ਦਰਸ਼ਨ ਸਿੰਘ ਨੇ ਅਹੁਦਾ ਹੀ ਨਹੀਂ ਸੰਭਾਲਿਆ ਸੀ ਅਤੇ ਨਿਯੁਕਤੀ ਪੱਤਰ ਮੁਤਾਬਕ ਜੱਜ ਸਾਰੋਂ 2 ਸਾਲ ਤੱਕ ਅਹੁਦਾ ਸੰਭਾਲਣਗੇ।
ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ ਦੀ ਮੁੱਖ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀਆਂ ਚੋਣਾਂ ਕਰਵਾਉਣਾ ਹੈ। 2011 ਤੋਂ ਬਾਅਦ ਹੁਣ ਤੱਕ ਐੱਸਜੀਪੀਸੀ ਦੀਆਂ ਚੋਣਾਂ ਹੋਈਆਂ ਹੀ ਨਹੀਂ ਹਨ।
ਤੁਹਾਨੂੰ ਦੱਸ ਦਈਏ ਕਿ ਜੱਜ ਸਾਰੋਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ 2018 ਵਿੱਚ ਪੰਜਾਬ ਰੈਵੀਨਿਊ ਕਮਿਸ਼ਨ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਇੱਕ ਸਾਲ ਦਾ ਕਾਰਜਕਾਲ ਬਾਕੀ ਹੈ।
ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਜੱਜ ਐੱਸ.ਐੱਸ. ਸਾਰੋਂ ਬਹੁਤ ਹੀ ਵਧੀਆ ਜੱਜ ਰਹੇ ਹਨ ਅਤੇ ਉਨ੍ਹਾਂ ਦੀ ਮੌਜੂਦਗੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਬਹੁਤ ਹੀ ਵਧੀਆ ਅਤੇ ਸਾਫ਼-ਸੁਥਰੇ ਢੰਗ ਨਾਲ ਹੋਣਗੀਆਂ।