ਚੰਡੀਗੜ੍ਹ: NCERT ਦੀਆਂ ਕਿਤਾਬਾਂ ਵਿੱਚ ਸਿੱਖ ਇਤਿਹਾਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਛਾਪਣਾ ਚਾਹੁੰਦੀ ਹੈ ਤਾਂ ਸਿੱਖਾਂ ਦੀਆਂ ਪ੍ਰਤੀਨਿਧ ਜਥੇਬੰਦੀਆਂ ਨਾਲ ਪਹਿਲਾਂ ਗੱਲਬਾਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਮਤਾ ਕਹਿਣਾ ਬਿਲਕੁੱਲ ਗਲਤ ਹੈ ਕਿਉਂਕਿ ਸੰਘੀ ਢਾਂਚੇ ਸਬੰਧੀ ਇਹ ਸਭ ਤੋਂ ਵਧੀਆ ਮਤਾ ਸੀ। ਜੇਕਰ ਇਹ ਤਜਵੀਜ਼ ਲਾਗੂ ਹੋ ਜਾਂਦੀ ਹੈ ਤਾਂ ਦੇਸ਼ ਦੇ ਸਾਰੇ ਰਾਜਾਂ ਵਿੱਚ ਜਿੱਥੇ ਵੀ ਵਿਥਕਰਾ ਹੈ, ਉਹ ਖਤਮ ਹੋ ਸਕਦਾ ਸੀ
ਹਰਜਿੰਦਰ ਸਿੰਘ ਧਾਮੀ ਨੇ ਦਾਅਵਾ ਕੀਤਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਾਅਵਾ ਕੀਤਾ ਕਿ ਐੱਨਸੀਈਆਰਟੀ ਨੇ 12ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਕਿਤਾਬ 'ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਰਾਜਨੀਤੀ' ਦੇ ਚੈਪਟਰ 8 ਵਿੱਚ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਗੁੰਮਰਾਹ ਕਰਨ ਵਾਲੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਵੱਖਵਾਦੀ ਵਜੋਂ ਪੇਸ਼ ਕਰਨਾ ਬਿਲਕੁਲ ਵੀ ਜਾਇਜ਼ ਨਹੀਂ ਹੈ। ਧਾਮੀ ਨੇ ਐੱਨਸੀਈਆਰਟੀ ਨੂੰ ਸਿੱਖ ਇਤਿਹਾਸ ਬਾਰੇ ਲਿਖੀਆਂ ਗਈਆਂ ਇਤਰਾਜ਼ਯੋਗ ਗੱਲਾਂ ਨੂੰ ਤੁਰੰਤ ਹਟਾਉਣ ਲਈ ਕਿਹਾ ਹੈ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 12ਵੀਂ ਜਮਾਤ ਦੇ ਸਿਲੇਬਸ ਵਿੱਚ ਕੁਝ ਪੁਰਾਣੀਆਂ ਜਾਣਕਾਰੀਆਂ ਨੂੰ ਹਟਾ ਕੇ ਅਤੇ ਕੁਝ ਨਵੇਂ ਵੇਰਵੇ ਜੋੜਦਿਆਂ ਫਿਰਕੂ ਪਹਿਲੂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਭਾਰਤ ਵਿੱਚ ਰਾਜਨੀਤੀ ਸਿਰਲੇਖ ਵਾਲੀ ਕਿਤਾਬ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੀ ਗਲਤ ਵਿਆਖਿਆ ਕੀਤੀ ਗਈ ਹੈ।