ਆਪ ਦਾ ਮੁੱਖ ਬੁਲਾਰਾ ਮਾਲਵਿੰਦਰ ਸਿੰਘ ਕੰਗ ਚੰਡੀਗੜ੍ਹ: ਪੰਜਾਬ 'ਚ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ ਉੱਠਦੀ ਆਈ ਹੈ। ਜਿਸ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਹਿਮ ਜਾਣਕਾਰੀ ਸਾਂਝੀ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਚੋਣਾਂ ਸਬੰਧੀ 21 ਅਕਤੂਬਰ 2023 ਤੋਂ ਨਵੀਆਂ ਵੋਟਾਂ ਬਣਾਉਣ ਤੇ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।
ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ:ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿਟਰ) 'ਤੇ ਸਾਂਝੀ ਕੀਤੀ ਹੈ। ਜਿਸ ਸਬੰਧੀ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਹਨ ਕਿ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਚੋਣਾਂ ਦੇ ਸੰਬੰਧ ਵਿੱਚ ਅਹਿਮ ਜਾਣਕਾਰੀ.. 21 ਅਕਤੂਬਰ 2023 ਤੋਂ ਨਵੀਆਂ ਵੋਟਾਂ ਬਣਾਉਣ ਅਤੇ ਵੋਟਰ ਸੂਚੀਆਂ ਦੀ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ..ਬਾਕੀ ਵੇਰਵੇ ਜਲਦੀ..। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੀਨੀਅਰ ਆਈਏਐਸ ਅਧਿਕਾਰੀ ਤੇ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ ਗੁਰਦੁਆਰਾ ਚੋਣਾਂ ਲਈ ਕਮਿਸ਼ਨਰ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਹੀ ਕਰਵਾਈਆਂ ਜਾ ਸਕਦੀਆਂ ਹਨ। ਜਿਸ 'ਚ ਚੋਣ ਪ੍ਰਕਿਰਿਆ ਰਾਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਪਹਿਲਾਂ ਦੀ ਤਰ੍ਹਾਂ ਕੀਤੀ ਜਾ ਸਕਦੀ ਹੈ।
ਗੁਰਦੁਆਰਾ ਚੀਫ਼ ਕਮਿਸ਼ਨਰ ਦਾ ਪੱਤਰ: ਕਾਬਿਲੇਗੌਰ ਹੈ ਕਿ ਜਰਨਲ ਹਾਊਸ ਮੈਂਬਰਾਂ ਦੀਆਂ ਚੋਣਾਂ ਲਈ ਗੁਰਦੁਆਰਾ ਚੀਫ਼ ਕਮਿਸ਼ਨਰ ਗੁਰਦੁਆਰਾ ਕਮਿਸ਼ਨ ਚੋਣਾਂ ਜਸਟਿਸ ਐਸ.ਐਸ. ਸਾਰੋਂ ਨੇ ਵੋਟਰ ਸੂਚੀਆਂ ਤਿਆਰ ਕਰਨ ਲਈ ਪੱਤਰ ਲਿਖਿਆ ਸੀ। ਵੋਟਰ ਸੂਚੀਆਂ ਤਿਆਰ ਕਰਨ ਲਈ ਇਹ ਪੱਤਰ ਮੁੱਖ ਸਕੱਤਰ ਪੰਜਾਬ ਸਰਕਾਰ, ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ, ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ, ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਜ਼ ਨੂੰ ਭੇਜੇ ਗਏ ਸਨ। ਇਨ੍ਹਾਂ ਚੋਣਾਂ ਵਿਚ 21 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਸਿੱਖ ਅਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਵਾ ਸਕਦਾ ਹੈ।
ਇਹ ਬਣ ਸਕਦੇ ਨੇ ਵੋਟਰ:ਇਸ ਵਿਚ ਇਹ ਨਿਯਮ ਵੀ ਬਣਾ ਦਿਤੇ ਗਏ ਹਨ ਕਿ ਵੋਟ ਪਾਉਣ ਤੇ ਬਣਵਾਉਣ ਵਾਲਾ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ ਹੈ ਤੇ ਉਹ ਅਪਣੇ ਕੇਸ ਕਤਲ ਨਾ ਕਰਵਾਉਂਦਾ ਹੋਵੇ ਤੇ ਨਾ ਹੀ ਬੀੜੀ, ਤੰਬਾਕੂ ਆਦਿ ਦਾ ਸੇਵਨ ਕਰਦਾ ਹੋਵੇ। ਜੇ ਗੱਲ ਮੈਂਬਰਾਂ ਦੀ ਕੀਤੀ ਜਾਵੇ ਤਾਂ ਇਸ ਵਿਚ 170 ਮੈਂਬਰ ਚੁਣ ਕੇ ਆਉਂਦੇ ਹਨ। ਇਸ ਤੋਂ ਇਲਾਵਾ 15 ਮੈਂਬਰ ਬਾਕੀ ਮੈਂਬਰਾਂ ਨੂੰ ਨਾਮਜ਼ਦ ਕਰਦੇ ਹਨ, ਬਾਕੀ ਹੋਰ ਸਿੰਘ ਸਾਹਿਬਾਨ ਹੁੰਦੇ ਨੇ ਜਿਨ੍ਹਾਂ ਦੀ ਵੋਟ ਨਹੀਂ ਪੈਂਦੀ।
ਕਈ ਸਾਲਾਂ ਤੋਂ ਨਹੀਂ ਹੋਈ ਸ਼੍ਰੋਮਣੀ ਕਮੇਟੀ ਚੋਣ:ਸ਼੍ਰੋਮਣੀ ਕਮੇਟੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਕਰੀਬ 11 ਸਾਲ ਤੋਂ ਵੱਧ ਸਮਾਂ ਹੋ ਗਿਆ, ਜਦੋਂ ਚੋਣਾਂ ਰਾਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਕੀਤੀ ਗਈ ਸੀ। ਆਖਰੀ ਵਾਰ ਅਵਤਾਰ ਸਿੰਘ ਮੱਕੜ ਦੇ ਸਮੇਂ 'ਚ ਸ਼੍ਰੋਮਣੀ ਕਮੇਟੀ ਚੋਣ ਹੋਈ ਸੀ। ਜਿਸ ਤੋਂ ਬਾਅਦ ਹਰ ਸਾਲ ਇਜ਼ਲਾਸ ਸੱਦ ਕੇ ਮੈਂਬਰਾਂ ਦੀ ਵੋਟ ਨਾਲ ਹੀ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ। ਇਸ ਦੌਰਾਨ ਕਈ ਵਾਰ ਸਿਆਸੀ ਤੇ ਸਮਾਜਿਕ ਹਲਕਿਆਂ 'ਚ ਇਹ ਇਲਜ਼ਾਮ ਵੀ ਲੱਗੇ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ, ਭਾਵ ਜਿਸ ਨੂੰ ਪ੍ਰਧਾਨ ਬਣਾਉਣਾ ਹੋਵੇ ਉਸ ਦਾ ਨਾਂ ਸੁਖਬਰਿ ਬਾਦਲ ਤੈਅ ਕਰਦੇ ਹਨ।