ਚੰਡੀਗੜ੍ਹ ਡੈਸਕ:ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਐਸਜੀਪੀਸੀ ਤੇ ਪੰਜਾਬ ਸਰਕਾਰ ਵਿਚਾਲੇ ਤਕਰਾਰ ਚੱਲ ਰਹੀ ਹੈ। ਇਸੇ ਤਕਰਾਰ ਵਿਚਾਲੇ ਐਸਜੀਪੀਸੀ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ Youtube ਅਤੇ ਫੇਸਬੁਕ ਚੈਨਲ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਲਈ ਟੈਕਨੀਕਲ ਸਟੂਡੀਓ ਤਿਆਰ ਕੀਤਾ ਜਾ ਰਿਹਾ ਹੈ। ਐਸਜੀਪੀਸੀ ਨੇ ਕਿਹਾ ਕਿ ਹੁਣ ਗੁਰਬਾਣੀ ਦਾ ਪ੍ਰਸਾਰ ਐਸਜੀਪੀਸੀ ਦੇ Youtube ਅਤੇ ਫੇਸਬੁਕ ਚੈਨਲ ਉੱਤੇ ਹੋਵੇਗਾ।
ਜੁਲਾਈ ਵਿੱਚ ਚੈਨਲ ਨਾਲ ਟੈਂਡਰ ਹੋ ਰਿਹਾ ਖ਼ਤਮ : ਦੱਸ ਦਈਏ ਕਿ ਐਸਜੀਪੀਸੀ ਵੱਲੋਂ ਗੁਰਬਾਣੀ ਪ੍ਰਸਾਰਣ ਲਈ ਇੱਕ ਨਿੱਜੀ ਚੈਨਲ ਨਾਲ ਕੀਤਾ ਗਿਆ ਟੈਂਡਰ 23 ਜੁਲਾਈ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਐਸਜੀਪੀਸੀ ਨੇ ਕਿਹਾ ਸੀ ਕਿ ਜੋ ਵੀ ਟੈਂਡਰ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਉਹ ਲੈ ਸਕਦਾ ਹੈ, ਪਰ ਹੁਣ ਇਸ ਮਸਲੇ ਨੂੰ ਲੈ ਕੇ ਐਸਜੀਪੀਸੀ ਨੇ ਆਪਣਾ ਫੈਸਲਾ ਬਦਲ ਲਿਆ ਹੈ।
ਸਰਕਾਰ ਦੇ ਦਖ਼ਲ ਤੋਂ ਬਾਅਦ ਵਿਵਾਦ ਹੋਇਆ ਸ਼ੁਰੂ : ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਪੰਜਾਬ ਸਰਕਾਰ ਤੇ ਐਸਜੀਪੀਸੀ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਛਿੜਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੁਰਬਾਣੀ ਪ੍ਰਸਾਰਣ ਦਾ ਹੱਕ ਸਾਰੇ ਚੈਨਲਾਂ ਨੂੰ ਹੋਣਾ ਚਾਹੀਦਾ ਹੈ ਤੇ ਇਹ ਬਿਲਕੁਲ ਮੁਫ਼ਤ ਹੋਣਾ ਚਾਹੀਦਾ ਹੈ। ਉਥੇ ਹੀ ਸਰਕਾਰ ਨੇ ਕਿਹਾ ਸੀ ਕਿ ਮੌਜੂਦਾ ਸਮੇਂ ਵਿੱਚ ਇਹ ਹੱਕ ਸਿਰਫ਼ ਇੱਕ ਹੀ ਚੈਨਲ ਨੂੰ ਹੈ, ਜੋ ਕਿ ਸਰਾਸਰ ਗਲਤ ਹੈ।
ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਵਿੱਚ ਕੀਤਾ ਬਦਲਾਅ :ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਵੀ ਸੱਦਿਆ ਗਿਆ ਸੀ, ਜਿਸ ਵਿੱਚ ਉਹਨਾਂ ਨੇ ਸਿੱਖ ਗੁਰਦੁਆਰਾ ਐਕਟ ਵਿੱਚ ਬਦਲਾਅ ਕਰਦੇ ਹੋਏ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਹੈ ਕਿ ਗੁਰਬਾਣੀ ਪ੍ਰਸਾਰਣ ਦਾ ਹੱਕ ਸਾਰੇ ਚੈਨਲਾਂ ਨੂੰ ਹੋਣਾ ਚਾਹੀਦਾ ਹੈ, ਜਾਂ ਫਿਰ ਐਸਜੀਪੀਸੀ ਆਪਣਾ ਚੈਨਲ ਬਣਾ ਬਾਣੀ ਦਾ ਪ੍ਰਸਾਰਣ ਕਰ ਸਕਦੀ ਹੈ। ਇਸ ਮਤੇ ਦਾ ਐਸਜੀਪੀਸੀ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਗਈ ਸੀ।
ਐਸਜੀਪੀਸੀ ਨੇ ਵੀ ਵਿਸ਼ੇਸ਼ ਇਜਲਾਸ ਬੁਲਾ ਪੰਜਾਬ ਸਰਕਾਰ ਦਾ ਮਤਾ ਕੀਤਾ ਖਾਰਜ:ਉਥੇ ਹੀ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ ਵਿੱਚ ਜੋ ਬਦਲਾਅ ਕੀਤਾ ਗਿਆ ਹੈ ਤੇ ਵਿਧਾਨ ਸਭਾ ਵਿੱਚ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਹੈ, ਇਸ ਦੇ ਵਿਰੁੱਧ ਐਸਜੀਪੀਸੀ ਨੇ ਵੀ ਇੱਕ ਵਿਸ਼ੇਸ਼ ਇਜਲਾਸ ਬੁਲਾ ਕੇ ਪੰਜਾਬ ਸਰਕਾਰ ਦੇ ਇਸ ਮਤੇ ਨੂੰ ਖਾਰਜ ਕੀਤਾ ਤੇ ਕਿਹਾ ਕਿ ਸਰਕਾਰ ਧਾਰਮਿਕ ਮਸਲੇ ਵਿੱਚ ਦਖਲ ਨਹੀਂ ਦੇ ਸਕਦੀ ਹੈ। ਇਸ ਤੋਂ ਬਾਅਦ ਹੀ ਹੁਣ ਐਸਜੀਪੀਸੀ ਨੇ ਆਪਣਾ ਚੈਨਲ ਬਣਾਉਣ ਦੀ ਤਿਆਰੀ ਕੀਤੀ ਹੈ।