ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ। ਸੂਬੇ ਵਿੱਚ ਐਤਵਾਰ ਦੀ ਸਵੇਰ ਧੁੰਦ ਨਾਲ ਸ਼ੁਰੂ ਹੋਈ। ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆ ਵਿੱਚ ਵਿਜ਼ੀਬਿਲਟੀ 50 ਮੀਟਰ ਸੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 20 ਦਸੰਬਰ ਤੱਕ ਸੰਘਣੀ ਧੁੰਦ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਹੈ, ਜਿਸ ਕਾਰਨ ਸੂਰਜ ਗਾਇਬ ਹੋ ਜਾਵੇਗਾ। ਠੰਡ ਕਾਰਨ ਲੋਕ ਸਵੇਰ-ਸ਼ਾਮ ਆਪਣੇ ਘਰਾਂ ਵਿੱਚੋਂ ਨਹੀਂ ਨਿਕਲ ਰਹੇ ਹਨ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਸੂਬੇ 'ਚ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ।
ਸੁੱਕੀ ਠੰਡ ਦਾ ਕਹਿਰ: ਪੰਜਾਬ 'ਚ ਸੁੱਕੀ ਠੰਡ ਦਾ ਅਸਰ ਦੇਖਣ ਨੂੰ ਮਿਲੇਗਾ, ਜਿਸ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ 'ਚ 15 ਡਿਗਰੀ ਤੋਂ ਜ਼ਿਆਦਾ ਦਾ ਫਰਕ ਦੇਖਿਆ ਜਾਵੇਗਾ ਅਤੇ ਠੰਡ ਵਧੇਗੀ। ਡਾਕਟਰਾਂ ਅਨੁਸਾਰ ਠੰਢ ਵਧਣ ਕਾਰਨ ਐਲਰਜੀ ਦੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਂਸੀ, ਜ਼ੁਕਾਮ ਅਤੇ ਛਿੱਕਾਂ ਆਮ ਰਹਿਣਗੀਆਂ। ਅਜਿਹਾ ਮੌਸਮ ਅਸਥਮਾ ਅਤੇ ਬ੍ਰੌਨਕਾਈਟਿਸ ਦੇ ਮਰੀਜ਼ਾਂ ਲਈ ਸਮੱਸਿਆ ਲਿਆ ਸਕਦਾ ਹੈ।
ਹਰਿਆਣਾ ਦਾ ਮੌਸਮ:ਹਰਿਆਣਾ 'ਚ ਵੀ ਇਨ੍ਹੀਂ ਦਿਨੀਂ ਕੜਾਕੇ ਦੀ ਠੰਡ ਪੈ ਰਹੀ ਹੈ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਵੀ ਘੱਟ ਗਈ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਵਾਹਨ ਚਲਾਉਣ ਸਮੇਂ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕਾਂ 'ਤੇ ਵਾਹਨ ਰੇਂਗਦੇ ਨਜ਼ਰ ਆ ਰਹੇ ਹਨ। ਸੰਘਣੀ ਧੁੰਦ ਕਾਰਨ ਸੂਬੇ ਵਿੱਚ ਸੜਕ ਹਾਦਸੇ ਵੀ ਵਾਪਰ ਰਹੇ ਹਨ। ਪ੍ਰਸ਼ਾਸਨ ਅਤੇ ਮੌਸਮ ਵਿਭਾਗ ਲੋਕਾਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਕਰ ਰਿਹਾ ਹੈ।
ਰਾਜਧਾਨੀ ਦਿੱਲੀ ਦਾ ਮੌਸਮ:ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਰਾਜਧਾਨੀ 'ਚ ਠੰਡ ਵਧ ਗਈ ਹੈ, ਜਿਸ ਕਾਰਨ ਲੋਕਾਂ ਨੂੰ ਸਵੇਰ ਅਤੇ ਰਾਤ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ 'ਚ ਐਤਵਾਰ ਸਵੇਰੇ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ ਛੇ ਡਿਗਰੀ ਸੈਲਸੀਅਸ ਤੋਂ ਘੱਟ ਸੀ। ਦਿੱਲੀ ਦੇ ਕਈ ਇਲਾਕਿਆਂ 'ਚ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ।
ਭਾਰਤੀ ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਸਕਦਾ ਹੈ। ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਵਾ 'ਚ ਨਮੀ ਦਾ ਪੱਧਰ 95 ਫੀਸਦੀ ਤੱਕ ਰਹਿਣ ਦੀ ਸੰਭਾਵਨਾ ਹੈ, ਜਦਕਿ ਪੰਜ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ।