ਜਲੰਧਰ:ਆਮ ਤੌਰ 'ਤੇ ਹਰ ਵਾਰ ਚੋਣਾਂ ਵਿੱਚ ਵੱਡੀ ਗਿਣਤੀ 'ਚ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਅਤੇ ਇਨ੍ਹਾਂ ਰੈਲੀਆਂ ਵਿੱਚ ਪਾਰਟੀਆਂ ਦੇ ਸਟਾਰ ਪ੍ਰਚਾਰਕ ਅਤੇ ਫ਼ਿਲਮੀ ਹਸਤੀਆਂ ਦਾ ਪਾਰਟੀ ਅਤੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਾ ਆਮ ਹੁੰਦਾ ਸੀ, ਪਰ ਇਸ ਵਾਰ ਕੋਰੋਨਾ ਹਦਾਇਤਾਂ ਕਰਕੇ ਰੈਲੀਆਂ ਨਾ ਹੋਣ ਦੇ ਕਾਰਨ ਨਾ ਪਾਰਟੀਆਂ ਦੇ ਸਟਾਰ ਪ੍ਰਚਾਰਕ ਨਜ਼ਰ ਆ ਰਹੇ ਹਨ ਅਤੇ ਨਾ ਹੀ ਫ਼ਿਲਮੀ ਹਸਤੀਆਂ। ਇਸ ਵਾਰ ਦੋਵੇਂ ਚੋਣਾਂ ਤੋਂ ਦੂਰ ਹਨ, ਪਰ ਇਸ ਦੇ ਉਲਟ ਆਜ਼ਾਦ ਉਮੀਦਵਾਰ ਇਸ ਗੱਲ ਤੋਂ ਖੁਸ਼ ਨਜ਼ਰ ਆ ਰਹੇ ਹਨ।
ਪਹਿਲਾਂ ਇੰਝ ਹੁੰਦਾ ਸੀ ਚੋਣ ਪ੍ਰਚਾਰ
ਇਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਵੱਡੀਆਂ ਵੱਡੀਆਂ ਰੈਲੀਆਂ ਕਰਵਾਈਆਂ ਜਾਂਦੀਆਂ ਸੀ। ਇਨ੍ਹਾਂ ਰੈਲੀਆਂ ਵਿੱਚ ਹਰ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਇਸ ਦੇ ਨਾਲ ਨਾਲ ਕਈ ਫ਼ਿਲਮੀ ਹਸਤੀਆਂ ਵੀ ਭਾਗ ਲੈਂਦੀਆਂ ਸੀ, ਤਾਂ ਕਿ ਰੈਲੀ ਵਿੱਚ ਜ਼ਿਆਦਾ ਤੋਂ ਜ਼ਿਆਦਾ ਇਕੱਠ ਕੀਤਾ ਜਾ ਸਕੇ। ਇੱਥੋਂ ਤੱਕ ਕਿ ਪਾਰਟੀਆਂ ਵੱਲੋਂ ਇਨ੍ਹਾਂ ਫ਼ਿਲਮੀ ਹਸਤੀਆਂ ਨੂੰ ਕਰੋੜਾਂ ਰੁਪਏ ਦੇ ਕੇ ਆਪਣੇ ਹੱਕ ਵਿੱਚ ਬੁਲਾਇਆ ਜਾਂਦਾ ਸੀ, ਤਾਂ ਕਿ ਲੋਕ ਉਨ੍ਹਾਂ ਦੀ ਪਾਰਟੀ ਨੂੰ ਵੋਟ ਪਾ ਕੇ ਜਿਤਾਉਣ। ਇਸ ਤੋਂ ਇਲਾਵਾ ਇਹੀ ਵੱਡੀਆਂ ਸੈਲੀਬ੍ਰਿਟੀਜ਼ ਪਾਰਟੀਆਂ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਰੋਡ ਸ਼ੋਅ ਵੀ ਕੱਢਦੀਆਂ ਸਨ। ਇਸ ਦੇ ਨਾਲ ਨਾਲ ਸ਼ੁਰੂ ਹੁੰਦਾ ਸੀ ਉਮੀਦਵਾਰਾਂ ਦਾ ਡੋਰ ਟੂ ਡੋਰ ਚੋਣ ਪ੍ਰਚਾਰ।
ਵੱਡੀਆਂ ਰੈਲੀਆਂ ਨਾ ਹੋਣ ਦਾ ਪ੍ਰਭਾਵ
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੋਰੋਨਾ ਦੇ ਚੱਲਦੇ ਚੋਣ ਕਮਿਸ਼ਨ ਵੱਲੋਂ ਰੈਲੀਆਂ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ ਜਿਸ ਦਾ ਸਿੱਧਾ ਅਸਰ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਉੱਤੇ ਪੈ ਰਿਹਾ ਹੈ। ਵੱਡੀਆਂ ਰੈਲੀਆਂ ਨਾ ਹੋਣ ਕਰਕੇ ਨਾ ਤੇ ਰਾਜਨੀਤਿਕ ਸਟਾਰ ਪ੍ਰਚਾਰਕ ਆਪਣੇ ਉਮੀਦਵਾਰਾਂ ਲਈ ਬਹੁਤ ਜ਼ਿਆਦਾ ਪ੍ਰਚਾਰ ਕਰ ਪਾ ਰਹੇ ਹਨ ਅਤੇ ਨਾ ਹੀ ਇਨ੍ਹਾਂ ਚੋਣਾਂ ਵਿੱਚ ਫ਼ਿਲਮੀ ਹਸਤੀਆਂ ਦਾ ਕੋਈ ਰੋਲ ਰਹਿ ਗਿਆ ਹੈ। ਆ ਜਾ ਕੇ ਪਾਰਟੀਆਂ ਕੋਲ ਜੇ ਕੋਈ ਹੱਲ ਹੈ, ਤਾਂ ਉਹ ਸਿਰਫ਼ ਵਰਚੁਅਲ ਰੈਲੀ ਕਰਨ ਦਾ ਹੈ। ਸਾਫ਼ ਹੈ ਕਿ ਇਸ ਵਾਰ ਚਾਹੇ ਉਮੀਦਵਾਰ ਕਰੋੜਪਤੀ ਹਨ ਜਾਂ ਫਿਰ ਇੱਕ ਆਮ ਆਜ਼ਾਦ ਉਮੀਦਵਾਰ, ਕੋਰੋਨਾ ਕਰਕੇ ਚੋਣ ਕਮਿਸ਼ਨ ਵੱਲੋਂ ਰੈਲੀਆਂ ਬੰਦ ਕਰਨ ਤੋਂ ਬਾਅਦ ਹੁਣ ਹਰ ਕਿਸੇ ਨੂੰ ਇਕ ਬਰਾਬਰ ਦਾ ਅਧਿਕਾਰ ਵੀ ਮਿਲ ਗਿਆ ਹੈ।ਇਕ ਪਾਸੇ ਜਿੱਥੇ, ਵੱਡੀਆਂ ਵੱਡੀਆਂ ਪਾਰਟੀਆਂ ਦੇ ਪੈਸੇ ਵਾਲੇ ਉਮੀਦਵਾਰ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਨ, ਉਥੇ ਦੂਜੇ ਪਾਸੇ ਆਮ ਆਜ਼ਾਦ ਉਮੀਦਵਾਰ ਵੀ ਹੁਣ ਇਸੇ ਦੌਰਾਨ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਨ। ਜ਼ਾਹਿਰ ਹੈ ਕਿ ਵੱਡੀਆਂ ਵੱਡੀਆਂ ਫ਼ਿਲਮੀ ਹਸਤੀਆਂ ਅਤੇ ਰਾਜਨੀਤਿਕ ਹਸਤੀਆਂ ਨੂੰ ਬੁਲਾ ਕੇ ਚੋਣ ਪ੍ਰਚਾਰ ਕਰਨ ਵਾਲਾ ਮਾਹੌਲ ਕੋਰੋਨਾ ਕਰਕੇ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਹੈ ਅਤੇ ਚੋਣਾਂ ਦੇ ਹਾਲਾਤ ਇਹ ਹਨ ਕਿ ਹੁਣ ਹਰ ਕਿਸੇ ਨੂੰ ਲੋਕਾਂ ਦੇ ਘਰ ਘਰ ਜਾ ਕੇ ਵੋਟ ਮੰਗਣੀ ਪੈ ਰਹੀ ਹੈ।
ਲੋਕਤੰਤਰ ਦੀ ਇਹੀ ਹੈ ਖੂਬਸੂਰਤੀ
ਬਿਨਾਂ ਰੈਲੀਆਂ ਤੋਂ ਡੋਰ ਟੂ ਡੋਰ ਕੈਂਪੇਨ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਜਲੰਧਰ ਸੈਂਟਰਲ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨੋਰੰਜਨ ਕਾਲੀਆ ਦਾ ਕਹਿਣਾ ਹੈ ਕਿ ਲੋਕਤੰਤਰ ਦੀ ਇਹੋ ਹੀ ਇੱਕ ਖ਼ੂਬਸੂਰਤੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਚੋਣਾਂ ਇੱਕ ਮੁੱਖ ਮੁੱਦਾ ਹਨ ਅਤੇ ਮੁੱਖ ਮਕਸਦ ਚੋਣਾਂ ਕਰਵਾਉਣਾ ਹੀ ਹੁੰਦਾ ਹੈ। ਇਸ ਵਾਰ ਕੋਰੋਨਾ ਕਰਕੇ ਪਹਿਲਾਂ ਵਾਂਗ ਪ੍ਰਚਾਰ ਨਹੀਂ ਹੋ ਰਿਹਾ ਅਤੇ ਨਾ ਹੀ ਵੱਡੀਆਂ ਰਾਜਨੀਤਿਕ ਅਤੇ ਫ਼ਿਲਮੀ ਹਸਤੀਆਂ ਇਨ੍ਹਾਂ ਚੋਣਾਂ ਵਿੱਚ ਭਾਗ ਲੈ ਰਹੀਆਂ ਹਨ। ਉਨ੍ਹਾਂ ਨੇ ਇਸ ਨੂੰ ਲੋਕਤੰਤਰ ਦੀ ਖ਼ੂਬਸੂਰਤੀ ਦੱਸਦੇ ਹੋਏ ਕਿਹਾ ਕਿ ਇਹ ਵੀ ਇਕ ਚੋਣ ਦਾ ਤਰੀਕਾ ਹੈ ਕਿ ਇਕ ਬੰਦਾ ਆਪਣਾ ਸੁਨੇਹਾ ਚਾਰ ਬੰਦਿਆਂ ਨੂੰ ਦੇਵੇ ਤੇ ਉਹ ਚਾਰ ਬੰਦੇ ਅੱਗੇ ਫਿਰ ਉਨ੍ਹਾਂ ਦਾ ਸੁਨੇਹਾ ਅੱਗੇ ਚਾਰ-ਚਾਰ ਬੰਦਿਆਂ ਨੂੰ ਦੇਣ, ਇਸੇ ਹੀ ਤਰ੍ਹਾਂ ਚੋਣਾਂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਡੋਰ ਟੂ ਡੋਰ ਪ੍ਰਚਾਰ ਕਰਨਾ ਕੋਈ ਮੁਸ਼ਕਲ ਨਹੀਂ, ਸਗੋਂ ਹੁਣ ਚੋਰ ਪ੍ਰਚਾਰ ਕਰਨਾ ਹੋਰ ਆਸਾਨ ਹੋ ਗਿਆ ਹੈ।