ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪਾਰਟੀ ਹਾਈਕਮਾਂਡ ਨੂੰ ਚਿੱਠੀ ਲਿੱਖ ਕੇ ਸੁਖਪਾਲ ਖਹਿਰਾ ਨੂੰ ਪਾਰਟੀ ਚੋਂ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੋਨੀਆਂ ਗਾਂਧੀ ਨੂੰ ਇੱਕ ਪੱਤਰ ਲਿੱਖਿਆ ਹੈ।
ਰਾਣਾ ਗੁਰਜੀਤ ਵਲੋਂ ਪੱਤਰ 'ਚ ਲਿਖੀਆਂ ਗੱਲਾਂ
ਪੱਤਰ ਵਿੱਚ ਰਾਣਾ ਗੁਰਜੀਤ ਨੇ ਕਿਹਾ ਹੈ ਕਿ ਖਹਿਰਾ ਮਨੀ ਲਾਂਡਰਿੰਗ ਮਾਮਲੇ ਵਿੱਚ ਇਸ ਸਮੇਂ ਜੇਲ੍ਹ ਵਿੱਚ ਹਨ। ਇਹ ਮਨੀ ਲਾਂਡਰਿੰਗ ਦਾ ਆਮ ਤੌਰ 'ਤੇ ਸਾਹਮਣੇ ਆਉਣ ਵਾਲਾ ਮਾਮਲਾ ਨਹੀਂ ਹੈ ਜਿਸ ਵਿੱਚ ਅਨਿਯਮਿਤ ਸੰਪਤੀਆਂ ਜਾਂ ਪੈਸੇ ਸ਼ਾਮਲ ਹਨ। ਸਗੋਂ ਇਹ ਡਰੱਗ ਮਨੀ ਨਾਲ ਜੁੜਿਆ ਮਾਮਲਾ ਹੈ। ਇਸ ਕੇਸ ਨਾਲ ਸਬੰਧਤ ਪੈਸਾ ਨਸ਼ਿਆਂ ਰਾਹੀਂ ਕਮਾਇਆ ਗਿਆ ਹੈ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ ਰਹੀ ਹੈ। ਪੱਤਰ ਵਿੱਚ ਉਨ੍ਹਾਂ ਕਿਹਾ ਕਿ ਅਸਲ ਵਿੱਚ ਸਾਡੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਾਲ 2015 ਵਿੱਚ ਪੰਜਾਬ ਵਿੱਚ ਨਸ਼ਿਆਂ ਦੀ ਗੰਭੀਰ ਸਮੱਸਿਆ ਦਾ ਮੁੱਦਾ ਚੁੱਕਿਆ ਸੀ।
"ਦਾਗ਼ੀ ਵਿਅਕਤੀ ਨੂੰ ਟਿਕਟ ਦੇਣਾ ਸਹੀ ਨਹੀਂ"
ਸਾਡੀ ਪਾਰਟੀ ਅਜਿਹੇ ਵਿਅਕਤੀ ਨੂੰ ਟਿਕਟ ਕਿਵੇਂ ਦੇ ਸਕਦੀ ਹੈ, ਜੋ ਜਾਂ ਉਸ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਨਸ਼ਿਆਂ ਨਾਲ ਦਾਗ਼ੀ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਗੂਆਂ ਅਤੇ ਉਮੀਦਵਾਰਾਂ ਲਈ ਇਹ ਜਵਾਬ ਦੇਣਾ ਔਖਾ ਹੋਵੇਗਾ ਕਿ ਇੱਕ ਪਾਸੇ ਤਾਂ ਅਸੀਂ ਨਸ਼ਿਆਂ ਨੂੰ ਖ਼ਤਮ ਕਰਨ ਜਾ ਨਾਅਰਾ ਲਾ ਰਹੇ ਹਾਂ ਅਤੇ ਦੂਜੇ ਪਾਸੇ ਇੱਕ ਅਜਿਹੇ ਦਾਗ਼ੀ ਵਿਅਕਤੀ ਨੂੰ ਪਾਰਟੀ ਟਿਕਟ ਦੇ ਰਹੇ ਹਾਂ ਜੋ ਨਸ਼ਿਆਂ ਰਾਹੀਂ ਕਮਾਏ ਪੈਸੇ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲੇ 'ਚ ਜੇਲ੍ਹ ਵਿੱਚ ਹੈ।