ਚੰਡੀਗੜ: ਸੂਬੇ ਦੇ ਹਰ ਸ਼ਹਿਰ ਵਿੱਚ ਗ਼ਰੀਬ ਔਰਤਾਂ ਦੇ 400 ਤੋਂ ਵੱਧ ਸਵੈ-ਸਹਾਇਤਾ ਸਮੂਹ (ਸੈਲਫ ਹੈਲਪ ਗਰੁੱਪ) ਕੋਰੋਨਾ ਵਾਇਰਸ ਦੇ ਫ਼ੈਲਣ ਤੋਂ ਬਾਅਦ ਸਰਗਰਮ ਹਨ। ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਹ ਸਮੂਹ ਕਮਿਊਨਿਟੀ ਰਸੋਈਆਂ ਦੇ ਸੰਚਾਲਨ ਰਾਹੀਂ ਲੋਕਾਂ ਲਈ ਭੋਜਨ ਤਿਆਰ ਕਰਨ, ਡਾਕਟਰੀ ਤੌਰ ਤੇ ਵਿਵਹਾਰਕ ਮਾਸਕ ਅਤੇ ਦਸਤਾਨੇ ਮੁਹੱਈਆ ਕਰਵਾਉਣ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਅ ਰਹੇ ਹਨ।
ਤਿਆਰ ਕਰਦੇ ਨੇ ਮਾਸਕ-ਦਸਤਾਨੇ ਤੇ ਖਾਣਾ ਮੰਤਰੀ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਇਸ ਤੋਂ ਵੱਡੀ ਉਤਸ਼ਾਹਜਨਕ ਖ਼ਬਰ ਹੋਰ ਕੀ ਹੋ ਸਕਦੀ ਹੈ ਕਿ ਸ਼ਹਿਰਾਂ ਦੀਆਂ ਗਰੀਬ ਔਰਤਾਂ ਦੇ ਐਸਐਚਜੀਜ਼ ਮਾਸਕ, ਦਸਤਾਨੇ ,ਪਕਾਇਆ ਹੋਇਆ ਖਾਣਾ, ਬਿਸਕੁੱਟ, ਅਚਾਰ ਆਦਿ ਜ਼ਰੂਰੀ ਵਸਤਾਂ ਤਿਆਰ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੌਕਡਾਊਨ ਦੇ ਇਸ ਦੌਰ ਵਿੱਚ ਸ਼ਹਿਰੀ ਸਥਾਨਕ ਸੰਸਥਾਵਾਂ ਇਨ੍ਹਾਂ ਸਵੈ-ਸਹਾਇਤਾ ਸਮੂਹਾਂ ਨੂੰ ਸਮਾਜਿਕ ਕੰਮਾਂ ਲਈ ਆਪਣੀਆਂ ਸੇਵਾਵਾਂ ਦੇਣ ਲਈ ਪ੍ਰੇਰਿਤ ਕਰਨ ਵਿੱਚ ਸਫਲ ਰਹੀਆਂ ਹਨ, ਜਿਸ ਨਾਲ ਇਨ੍ਹਾਂ ਸਮੂਹਾਂ ਨੂੰ ਆਪਣੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ।
ਮੰਤਰੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਨੂੰ ਸਰਕਾਰ ਅਤੇ ਨਿੱਜੀ ਸੰਸਥਾਨਾਂ ਤੋਂ 20 ਤੋਂ 25 ਰੁਪਏ ਪ੍ਰਤੀ ਮਾਸਕ ਦੇ ਹਿਸਾਬ ਨਾਲ ਮਾਸਕ ਬਣਾਉਣ ਲਈ ਐਡਵਾਂਸ ਆਰਡਰ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਾਸਕ ਡਾਕਟਰੀ ਤੌਰ 'ਤੇ ਵਿਵਹਾਰਕ ਹਨ ਕਿਉਂਕਿ ਇਹ ਸਿਹਤ ਵਿਭਾਗ ਵੱਲੋਂ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਤੇ ਸਿਫਾਰਸ਼ਾਂ ਅਨੁਸਾਰ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਵਿਭਾਗ ਵੱਲੋਂ ਬਣਾਏ ਕੁੱਲ 6200 ਸੈਲਫ ਹੈਲਪ ਗਰੁੱਪ ਵਿਚੋਂ ਸਿਰਫ 400 ਕਾਰਜਸ਼ੀਲ ਹਨ ਅਤੇ ਵਿਭਾਗ ਹੋਰ ਸਵੈ-ਸਹਾਇਤਾ ਸਮੂਹਾਂ ਨੂੰ ਵੀ ਆਪਣਾ ਖਾਲੀ ਸਮਾਂ ਅਤੇ ਹੁਨਰ ਮਨੁੱਖਤਾ ਦੀ ਸੇਵਾ ਹਿੱਤ ਵਰਤਣ ਲਈ ਉਤਸ਼ਾਹਤ ਕਰ ਰਿਹਾ ਹੈ।
ਹੋਰ ਸੈਲਫ ਹੈਲਪ ਗਰੁੱਪ ਨੂੰ ਸਰਗਰਮ ਕਰਕੇ ਵਿਭਾਗ ਉਹਨਾਂ ਦੀਆਂ ਸੇਵਾਵਾਂ ਨੂੰ 15 ਲੱਖ ਮਾਸਕ ਅਤੇ 20 ਹਜ਼ਾਰ ਦਸਤਾਨੇ ਤਿਆਰ ਕਰਨ ਲਈ ਵਰਤੇਗਾ ਜੋ ਸਫਾਈ ਸੇਵਕਾਂ ਅਤੇ ਗਰੀਬਾਂ ਨੂੰ ਵੰਡੀਆਂ ਜਾਣਗੇ। ਬ੍ਰਹਮ ਮਹਿੰਦਰਾ ਨੇ ਅੱਗੇ ਕਿਹਾ ਕਿ ਸਮੂਹ ਦੇ ਬਣਨ ਤੋਂ 3 ਮਹੀਨਿਆਂ ਬਾਅਦ ਇਨ੍ਹਾਂ ਨੂੰ ਰਿਵਾਲਵਿੰਗ ਫੰਡ ਵਜੋਂ 10,000 ਰੁਪਏ ਪ੍ਰਤੀ ਐਸ.ਐਚ.ਜੀ. ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸੈਲਫ ਹੈਲਪ ਗਰੁੱਪ ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਸਥਿਤ ਹਨ। ਸਥਾਨਕ ਸਰਕਾਰਾਂ ਇਨ੍ਹਾਂ ਸੈਲਫ ਹੈਲਪ ਗਰੁੱਪ ਦੇ ਸੁਚਾਰੂ ਕੰਮਕਾਜ ਲਈ ਸਮੇਂ-ਸਮੇਂ ਤੇ ਨਿਗਰਾਨੀ ਕਰਦੇ ਹਨ।