ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅੱਜ ਰਿਹਾਈ ਹੋਣ ਜਾ ਰਹੀ ਹੈ। ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹੀ ਉਸ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਸੂਬਾ ਸਰਕਾਰ ਨੇ ਉਸ ਦੀ ਸਕਿਉਰਿਟੀ ਜ਼ੈੱਡ ਪਲੱਸ ਤੋਂ ਘਟਾ ਕੇ ਵਾਈ ਕੈਟੇਗਰੀ ਕਰ ਦਿੱਤੀ ਹੈ। ਨਵਜੋਤ ਸਿੱਧੂ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ਵਿੱਚ ਸਜ਼ਾ ਕੱਟ ਰਹੇ ਸਨ। ਅੱਜ ਸਿੱਧੂ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਣ ਜਾ ਰਹੇ ਹਨ।
ਪਤਨੀ ਨੇ ਲਾਏ ਕੈਪਟਨ ਤੇ ਭਗਵੰਤ ਮਾਨ ਉਤੇ ਇਲਜ਼ਾਮ :ਅਜੇ ਕੁਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਡੇਰਾਬੱਸੀ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀਐੱਮ ਭਗਵੰਤ ਮਾਨ 'ਤੇ ਵੱਡੇ ਦੋਸ਼ ਲਾਏ ਸਨ। ਉਸ ਨੇ ਕਿਹਾ ਕਿ ਉਸ ਦੇ ਪਤੀ ਨੂੰ ਬਿਨਾਂ ਕਿਸੇ ਜੁਰਮ ਦੇ ਫਸਾਇਆ ਗਿਆ ਹੈ। ਨਵਜੋਤ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ ਫਸਾਉਣ ਦਾ ਸਾਰਾ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਸੀਐਮ ਮਾਨ 'ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਸਿੱਧੂ ਦੀ ਬੇਗੁਨਾਹੀ ਦਾ ਸਬੂਤ ਦੇਣ ਵਾਲੀ ਪੈੱਨ ਡਰਾਈਵ ਉਨ੍ਹਾਂ ਨੂੰ ਦਿੱਤੀ ਗਈ ਸੀ, ਪਰ ਸੀਐਮ ਦੇ ਪੱਖ ਤੋਂ ਕੋਈ ਨੋਟਿਸ ਨਹੀਂ ਲਿਆ ਗਿਆ। ਦੱਸ ਦਈਏ ਕਿ ਨਵਜੋਤ ਸਿੱਧੂ ਦੀ ਪਤਨੀ ਪਿਛਲੇ ਦਿਨਾਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਆਪਣਾ ਇਲਾਜ ਕਰਵਾ ਰਹੇ ਸਨ।