ਚੰਡੀਗੜ੍ਹ: ਸਰਹੱਦੀ ਸੂਬੇ 'ਚ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਸਮਰਥਿਤ ਦਹਿਸ਼ਤਗਰਦਾਂ ਦੇ ਐਕਟਿਵ ਹੋਣ ਤੇ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਤੋਂ ਬਾਅਦ ਕੇਂਦਰ ਦੀਆਂ ਖੁਫੀਆਂ ਏਜੰਸੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਾਨ ਨੂੰ ਖ਼ਤਰਾ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਇਸ ਜਾਣਕਾਰੀ ਤੋਂ ਬਾਅਦ ਕੈਪਟਨ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਾਕਿ ਆਰਮੀ ਚੀਫ਼ ਬਾਜਵਾ ਨੂੰ ਚੁਣੌਤੀ ਦਿੱਤੀ ਹੈ ਉਦੋਂ ਤੋਂ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਨਿਸ਼ਾਨੇ 'ਤੇ ਹੈ।
ਪੰਜਾਬ ਵਿੱਚ ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ ਦੇ ਮਾਮਲੇ ਦੀ ਜਾਂਚ ਐੱਨਆਈਏ ਵੱਲੋਂ ਕੀਤੀ ਜਾ ਰਹੀ ਹੈ। ਐੱਨਆਈਏ ਨੇ ਹੀ ਕੈਪਟਨ ਦੀ ਜਾਨ ਨੂੰ ਖ਼ਤਰਾ ਪ੍ਰਗਟਾਇਆ ਹੈ। ਧਮਕੀ ਮਿਲਣ ਕਾਰਨ ਕੈਪਟਨ ਦੇ ਕਾਫਲੇ ਵਿੱਚ ਬੁਲੇਟ ਪਰੂਫ ਵਾਹਨਾਂ ਨੂੰ ਵਧਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਕਾਫਲੇ ਵਿੱਚ 15 ਵਾਹਨ ਚੱਲਦੇ ਹਨ, ਜਿਨ੍ਹਾਂ ਦੀ ਗਿਣਤੀ ਵਿੱਚ ਛੇਤੀ ਹੀ ਵਾਧਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਪ੍ਰਚਾਰ ਵਿੱਚ ਵੀ ਕੈਪਟਨ ਦੀ ਸੁਰੱਖਿਆ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ।