ਨਵੀਂ ਦਿੱਲੀ :ਦੇਸ਼ ਭਰ 'ਚ ਤਾਪਮਾਨ ਵਧ ਰਿਹਾ ਹੈ ਅਤੇ ਗਰਮੀ ਲੋਕਾਂ ਨੂੰ ਤੰਗ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਤਾਪਮਾਨ 40 ਤੋਂ 44 ਡਿਗਰੀ ਸੈਲਸੀਅਸ ਵਿਚਕਾਰ ਹੋਣ ਕਰਕੇ ਜ਼ਿਆਦਾਤਰ ਭਾਗਾਂ ਵਿੱਚ 'ਲੂ' ਵਰਗੇ ਹਾਲਾਤ ਬਣੇ ਹੋਏ ਹਨ। ਇਸ ਕਾਰਨ ਕਈ ਰਾਜਾਂ ਵਿੱਚ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਤ੍ਰਿਪੁਰਾ ਸਰਕਾਰ ਨੇ ਗਰਮੀ ਕਾਰਨ 23 ਅਪ੍ਰੈਲ ਤੱਕ ਸਾਰੇ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਵਿੱਚ ਸ਼ਨੀਵਾਰ ਤੱਕ ਸਕੂਲ ਬੰਦ ਰਹਿਣਗੇ। ਮੇਘਾਲਿਆ ਦੇ ਸ਼ਿਲਾਂਗ ਵਿੱਚ 21 ਅਪ੍ਰੈਲ ਤੱਕ ਸਕੂਲ ਬੰਦ ਰੱਖਣ ਲਈ ਕਿਹਾ ਗਿਆ ਹੈ।
ਦਿੱਲੀ ਦੇ ਪ੍ਰਾਇਮਰੀ ਮੌਸਮ ਵਿਗਿਆਨ ਕੇਂਦਰ ਸਫਦਰਜੰਗ ਆਬਜ਼ਰਵੇਟਰੀ ਦਾ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਾਣਕਾਰੀ ਮੁਤਾਬਿਕ ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਿਕਾਰਡ ਹੋ ਰਿਹਾ ਹੈ। ਪੂਸਾ ਅਤੇ ਪੀਤਮਪੁਰਾ ਖੇਤਰਾਂ ਵਿੱਚ ਹੀਟਵੇਵ ਦੀ ਸਥਿਤੀ ਬਣੀ ਰਹੀ, ਜਿੱਥੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 41.6 ਡਿਗਰੀ ਤੋਂ 41.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਬੁੱਧਵਾਰ ਨੂੰ ਬੱਦਲਵਾਈ ਅਤੇ ਹਲਕੀ ਬਾਰਿਸ਼ ਨਾਲ ਸ਼ਹਿਰ ਵਿੱਚ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।