ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ਨੂੰ ਲੌਕਡਾਊਨ ਤੋਂ ਹੌਲੀ-ਹੌਲੀ ਬਾਹਰ ਨਿਕਲਣ ਲਈ ਢੰਗ-ਤਰੀਕਾ ਲੱਭਣ ਵਾਸਤੇ ਟਾਸਕ ਫੋਰਸ ਬਣਾਈ ਜਾਵੇਗੀ। ਸੂਬੇ ਦੇ ਉੱਘੇ ਉਦਯੋਗਪਤੀਆਂ ਨੂੰ ਇਕ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਹੁੰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਇਸ ਔਖੇ ਸਮੇਂ ਵਿੱਚ ਨਾਜ਼ੁਕ ਮਸਲਿਆਂ ਅਤੇ ਚੁਣੌਤੀਆਂ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਉਦਯੋਗ ਦੀ ਪੂਰੀ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਉਦਯੋਗ ਨੂੰ ਆਪਣੇ ਸੁਝਾਅ ਦੇਣ ਲਈ ਆਖਿਆ ਅਤੇ ਮੌਜੂਦਾ ਸਮੇਂ ਉਤਪੰਨ ਹੋਈ ਅਨੋਖੀ ਸਥਿਤੀ ਵਿੱਚ ਸੂਬੇ ਸਰਕਾਰ ਦੇ ਫੈਸਲਿਆਂ ਲੈਣ ਦੀ ਪ੍ਰਕ੍ਰਿਆ ਦਾ ਹਿੱਸਾ ਬਣਨ ਦਾ ਵੀ ਸੱਦਾ ਦਿੱਤਾ।
ਉਦਯੋਗਪਤੀਆਂ ਵੱਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਵਿੱਚੋਂ ਇੱਕ ਸੀ ਟਰੈਕਟਰ ਅਤੇ ਸਹਾਇਕ ਉਦਯੋਗਾਂ ਨੂੰ ਜ਼ਰੂਰੀ ਕਰਾਰ ਦੇਣਾ ਅਤੇ ਕਣਕ ਦੀ ਵਾਢੀ ਅਤੇ ਹਾੜੀ ਦੀਆਂ ਫਸਲਾਂ ਦੇ ਮੰਡੀਕਰਨ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰਾ ਕਰਨ ਲਈ ਖੋਲ੍ਹਣ ਦੀ ਇਜ਼ਾਜਤ ਦੇਣਾ। ਸਾਈਕਲਾਂ ਨੂੰ ਵੀ ਜ਼ਰੂਰੀ ਵਸਤਾਂ ਵਿੱਚ ਸ਼ਾਮਲ ਕਰਨ ਦੇ ਐਲਾਨ ਦੀ ਵੀ ਮੰਗ ਉਠੀ। ਇਸ ਤੋਂ ਇਲਾਵਾ ਹੋਰ ਸੁਝਾਅ ਇਹ ਵੀ ਆਇਆ ਕਿ ਪੈਕਿੰਗ ਉਦਯੋਗਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ।
ਉਦਯੋਗਾਂ ਵੱਲੋਂ ਆਏ ਹੋਰ ਸੁਝਾਵਾਂ ਵਿੱਚ ਚੰਡੀਗੜ੍ਹ ਤੱਕ ਏਅਰ ਕਾਰਗੋ ਸੇਵਾਵਾਂ ਦੀ ਮੁੜ ਸੁਰਜੀਤੀ ਦੇ ਨਾਲ-ਨਾਲ ਸੂਬੇ ਵਿੱਚ ਸਿਹਤ ਤੇ ਮੈਡੀਕਲ ਸਟਾਰਟ ਅੱਪਜ਼ ਨੂੰ ਉਤਸ਼ਾਹਤ ਕਰਨਾ ਵੀ ਸ਼ਾਮਲ ਸੀ। ਸੈਰ ਸਪਾਟਾ ਸਨਅਤ ਜੋ ਲੌਕਡਾਊਨ ਦੇ ਚੱਲਦਿਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਨੂੰ ਵੀ ਰਾਹਤ ਦੇਣ ਉਤੇ ਸੁਝਾਅ ਆਏ ਅਤੇ ਵਿਚਾਰ ਚਰਚਾ ਹੋਈ।
ਮੀਟਿੰਗ ਵਿੱਚ ਵੱਡਾ ਮਾਮਲਾ ਜਿਹੜਾ ਵਿਚਾਰਿਆ ਗਿਆ, ਉਹ ਫਰਮਾਸੂਟੀਕਲ ਕੰਪਨੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਸੀ, ਜਿਹੜੀਆਂ ਕੋਵਿਡ-19 ਸੰਕਟ ਨਾਲ ਨਜਿੱਠਣ ਵਿੱਚ ਅਹਿਮ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਮੁਸ਼ਕਲਾਂ ਵਿੱਚੋਂ ਇਕ ਜੰਮੂ ਕਸ਼ਮੀਰ ਵਿੱਚ ਅੰਤਰ-ਰਾਜ ਆਵਾਜਾਈ ਨੂੰ ਬੰਦ ਕਰਨਾ ਅਤੇ ਹਰਿਆਣਾ ਤੋਂ ਮਾਲ ਅਤੇ ਮਜ਼ਦੂਰਾਂ ਨੂੰ ਲਿਆਉਣ 'ਤੇ ਲਗਾਈਆਂ ਕੁਝ ਪਾਬੰਦੀਆਂ ਦਾ ਹੈ। ਉਦਯੋਗਾਂ ਦੁਆਰਾ ਨਗਦ ਲੈਣ-ਦੇਣ ਦੀਆਂ ਦਿੱਕਤਾਂ ਨੂੰ ਵੀ ਉਜਾਗਰ ਕੀਤਾ ਗਿਆ ਜੋ ਇਸ ਸੰਕਟ ਸਮੇਂ ਦੌਰਾਨ ਮਜ਼ਦੂਰਾਂ ਨੂੰ ਕੀਤੀਆਂ ਜਾਣ ਵਾਲੀਆਂ ਅਦਾਇਗੀਆਂ ਬਾਰੇ ਸਪੱਸ਼ਟਤਾ ਚਾਹੁੰਦੇ ਸਨ।