ਚੰਡੀਗੜ੍ਹ: ਲੋਕ ਸਭਾ 2024 ਲਈ ਤਰੀਕਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੀ ਸਿਆਸਤ ਵਿਚ ਉੱਥਲ ਪੁੱਥਲ ਸ਼ੁਰੂ ਹੋ ਗਈ ਹੈ। ਲੋਕ ਸਭਾ ਹਲਕਾ ਗੁਰਦਾਸਪੁਰ ਪੰਜਾਬ ਦੇ ਸਾਰੇ ਸਿਆਸੀ ਸਮੀਕਰਨਾਂ ਨੂੰ ਬਦਲਦਾ ਨਜ਼ਰ ਆ ਰਿਹਾ ਹੈ ਜੋ ਕਿ ਭਾਜਪਾ ਲਈ ਚੰਗਾ ਸੰਕੇਤ ਨਹੀਂ ਹੈ। ਇਥੋਂ ਮੌਜੂਦਾ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਸਿਆਸਤ ਤੋਂ ਕਿਨਾਰਾ ਕਰ ਲਿਆ ਹੈ ਅਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਇਸ ਹਲਕੇ ਤੋਂ ਕਾਂਗਰਸ ਵਲੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਚੋਣ ਨਾ ਲੜਨ ਦਾ ਇਸ਼ਾਰਾ ਕਰ ਰਹੇ ਹਨ। ਭਾਜਪਾ ਦੇ ਦੋ ਦਾਅਵੇਦਾਰ 2024 ਦੇ ਸਿਆਸੀ ਮੈਦਾਨ ਵਿਚੋਂ ਬਾਹਰ ਹੋ ਗਏ ਹਨ ਤੇ ਹੁਣ ਭਾਜਪਾ ਲਈ ਇਕ ਨਵੀਂ ਚੁਣੌਤੀ ਹੈ ਕਿ ਭਾਜਪਾ ਆਪਣਾ ਕਿਲ੍ਹਾ ਕਿਵੇਂ ਬਚਾਵੇਗੀ ?
ਭਾਜਪਾ ਲਈ ਚੁਣੌਤੀ ਬਣਿਆ ਗੁਰਦਾਸਪੁਰ : ਭਾਜਪਾ ਦੀ ਇਹ ਤ੍ਰਾਸਦੀ ਹੈ ਕਿ ਵਿਨੋਦ ਖੰਨਾ ਦਾ ਬਦਲ ਅਜੇ ਤੱਕ ਪਾਰਟੀ ਨੂੰ ਨਹੀਂ ਲੱਭ ਸਕਿਆ। ਇੱਕ ਦਹਾਕੇ ਤੋਂ ਵੱਧ ਸਮਾਂ 1998 ਤੋਂ 2009 ਤੱਕ ਵਿਨੋਦ ਖੰਨਾ ਲਗਾਤਾਰ ਇਥੋਂ ਲੋਕ ਸਭਾ ਮੈਂਬਰ ਰਹੇ ਅਤੇ 2014 ਵਿਚ ਫਿਰ ਐਮਪੀ ਚੁਣੇ ਗਏ। ਇਸ ਹਲਕੇ ਤੇ ਵਿਨੋਦ ਖੰਨਾ ਦਾ ਚੰਗਾ ਪ੍ਰਭਾਵ ਰਿਹਾ ਹੈ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਪਤਨੀ ਨੂੰ ਇਸ ਸੀਟ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਇਸ ਦਾਆਵੇਦਾਰੀ ਦੇ ਵਿਚਕਾਰ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਸੰਨੀ ਦਿਓਲ ਨੂੰ ਮੁੰਬਈ ਤੋਂ ਲਿਆ ਕੇ ਉਮੀਦਵਾਰ ਬਣਾ ਦਿੱਤਾ ਗਿਆ। ਸੰਨੀ ਦਿਓਲ ਦੀ ਕਾਰਗੁਜ਼ਾਰੀ ਤੋਂ ਗੁਰਦਾਸਪੁਰੀਏ ਇਸ ਤਰ੍ਹਾਂ ਖ਼ਫਾ ਹੋਏ ਕਿ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਪੂਰੇ ਜ਼ਿਲ੍ਹੇ ਵਿਚ ਲਗਾ ਦਿੱਤੇ ਗਏ। ਬਤੌਰ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਕਾਰਗੁਜ਼ਾਰੀ ਨੂੰ ਵਿਨੋਦ ਖੰਨਾ ਦੇ ਮੁਕਾਬਲੇ ਚੰਗੀ ਨਹੀਂ ਮੰਨਿਆ ਗਿਆ। ਇਸ ਦਰਮਿਆਨ ਭਾਜਪਾ ਨੂੰ ਸੁਨੀਲ ਜਾਖੜ ਵਜੋਂ ਇਕ ਚੰਗਾ ਬਦਲ ਮਿਲ ਗਿਆ ਸੀ ਤੇ ਹੁਣ ਜਾਖੜ ਦਾ ਵੀ ਮਨ ਚੋਣ ਲੜਨ ਦਾ ਨਹੀਂ ਤੇ ਸੰਨੀ ਦਿਓਲ ਨੇ ਤਾਂ ਸਿਆਸਤ ਤੋਂ ਤੌਬਾ ਹੀ ਕਰ ਦਿੱਤੀ ਹੈ। ਅਜਿਹੇ ਵਿਚ 2024 ਦਾ ਚੋਣ ਮੈਦਾਨ ਗੁਰਦਾਸਪੁਰ ਤੋਂ ਭਾਜਪਾ ਲਈ ਚੁਣੌਤੀ ਭਰਿਆ ਹੋ ਸਕਦਾ ਹੈ।
ਜਾਖੜ ਅਤੇ ਸੰਨੀ ਦਿਓਲ ਦਾ ਗੁਰਦਾਸਪੁਰ ਕੁਨੈਕਸ਼ਨ: ਭਾਜਪਾ ਪੰਜਾਬ ਵਿਚ ਅਜੇ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹਾ ਪਹਿਲੀ ਵਾਰ ਹੈ ਕਿ ਭਾਜਪਾ ਪੰਜਾਬ ਵਿਚ ਬਿਨ੍ਹਾਂ ਕਿਸੇ ਗੱਠਜੋੜ ਤੋਂ ਇਕੱਲਿਆਂ ਲੋਕ ਸਭਾ ਚੋਣਾਂ ਲੜ ਸਕਦੀ ਹੈ। ਸੁਨੀਲ ਜਾਖੜ ਹੋਣ ਚਾਹੇ ਸੰਨੀ ਦਿਓਲ ਪਰ ਗੁਰਦਾਸਪੁਰ ਦੋਵਾਂ ਦਾ ਹੀ ਜੱਦੀ ਹਲਕਾ ਨਹੀਂ ਹੈ। ਇਸ ਹਲਕੇ ਲਈ ਦੋਵੇਂ ਹੀ ਬਾਹਰੀ ਹਨ। ਸੰਨੀ ਦਿਓਲ ਦਾ ਪਿਛੋਕੜ ਪੰਜਾਬ ਵਿਚ ਹੋਣ ਕਾਰਨ ਉਸਨੂੰ ਪੰਜਾਬ ਵਿਚ ਪਸੰਦ ਕੀਤਾ ਜਾਂਦਾ ਰਿਹਾ ਅਤੇ ਪੰਜਾਬ ਵਿਚ ਸੰਨੀ ਦਿਓਲ ਦੀ ਫੈਨ ਫੋਲੋਇੰਗ ਚੰਗੀ ਸੀ। ਇਹੀ ਕਾਰਨ ਰਿਹਾ ਕਿ ਪੈਰਾਸ਼ੂਟ ਦੀ ਤਰ੍ਹਾਂ ਚੋਣ ਮੈਦਾਨ ਵਿਚ ਉਤਾਰੇ ਗਏ ਸੰਨੀ ਦਿਓਲ ਨੂੰ ਗੁਰਦਾਸਪੁਰੀਆਂ ਨੇ ਅੱਖਾਂ ਦੀ ਪਲਕਾਂ 'ਤੇ ਬਿਠਾ ਲਿਆ। ਗੁਰਦਾਸਪੁਰ ਜ਼ਿਮਨੀ ਚੋਣਾਂ ਵਿਚ ਜਾਖੜ ਦੀ ਜਿੱਤ ਦਾ ਕਾਰਨ ਉਸ ਵੇਲੇ ਕਾਂਗਰਸ ਦੀ ਸਰਕਾਰ ਦਾ ਸੱਤਾ ਵਿਚ ਹੋਣਾ ਸੀ ਕਿਉਂਕਿ ਜ਼ਿਮਨੀ ਚੋਣਾਂ ਦੇ ਨਤੀਜੇ ਜ਼ਿਆਦਾਤਰ ਸੱਤਾ ਧਿਰ ਦੇ ਹੱਕ ਵਿਚ ਹੀ ਆਉਂਦੇ ਹਨ। ਜਦਕਿ ਲੋਕ ਸਭਾ ਮੈਂਬਰ ਵਜੋਂ ਦੋਵਾਂ ਨੇ ਹੀ ਆਪਣੀਆਂ ਜ਼ਿੰਮੇਵਾਰੀਆਂ ਠੀਕ ਤਰੀਕੇ ਨਾਲ ਨਹੀਂ ਨਿਭਾਈਆਂ। ਜੇਕਰ ਚੰਗੇ ਸਿਆਸਤਦਾਨ ਵਜੋਂ ਆਪਣੀ ਡਿਊਟੀ ਨਿਭਾਈ ਹੁੰਦੀ ਤਾਂ ਜ਼ਰੂਰੀ ਨਹੀਂ ਕਿ ਜਾਖੜ ਨੂੰ ਉਥੋਂ ਹਾਰ ਮਿਲਦੀ। ਸੰਨੀ ਦਿਓਲ ਦੀ ਗੈਰ ਹਾਜ਼ਰੀ ਤਾਂ ਲਗਾਤਾਰ ਗੁਰਦਾਸਪੁਰ ਵਾਸੀਆਂ ਨੂੰ ਖਟਕਦੀ ਰਹੀ।