ਚੰਡੀਗੜ੍ਹ: ਦੁਨੀਆ ਭਰ ‘ਚ ਵਿਸ਼ਵ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ ਅਤੇ ਟੀਕਾਕਰਨ ਦੀ ਅਹਿਮੀਅਤ ਸਮਝਾਈ ਜਾ ਰਹੀ ਹੈ। ਉਥੇ ਹੀ, ਪੰਜਾਬ ਦੀਆਂ ਧੀਆਂ ਅਜਿਹੇ ਟੀਕੇ ਤੋਂ ਵਾਂਝੀਆਂ ਹਨ, ਜੋ ਉਨ੍ਹਾਂ ਨੂੰ ਬੱਚੇਦਾਨੀ ਦੇ ਮੂੰਹ ਯਾਨਿ ਕਿ ਸਰਵੀਕਲ ਕੈਂਸਰ ਤੋਂ ਬਚਾ ਸਕਦਾ ਹੈ। ਉਸ ਟੀਕੇ ਦਾ ਨਾਂ ਹੈ ਐਚਪੀਵੀ। ਪੰਜਾਬ ਦੀਆਂ 13 ਪ੍ਰਤੀਸ਼ਤ ਔਰਤਾਂ ਸਰਵੀਕਲ ਕੈਂਸਰ ਤੋਂ ਪੀੜਤ ਹੁੰਦੀਆਂ ਹਨ। ਫਿਰ ਵੀ ਸਰਕਾਰੀ ਸਿਹਤ ਖੇਤਰ ਵਿਚ ਅਤੇ ਸਰਕਾਰੀ ਟੀਕਾਕਰਨ ਪ੍ਰਣਾਲੀ ਵਿਚ ਇਹ ਟੀਕਾ ਉਪਲਬਧ ਨਹੀਂ। ਦੂਜਾ ਇਹ ਵੀ ਹੈ ਕਿ ਇਸ ਟੀਕੇ ਦਾ ਪ੍ਰਚਾਰ ਅਤੇ ਪ੍ਰਸਾਰ ਘੱਟ ਹੋਣ ਕਾਰਨ ਜ਼ਿਆਦਾਤਰ ਲੋਕ ਇਸਤੋਂ ਜਾਗਰੂਕ ਹੀ ਨਹੀਂ।
ਮਾਹਿਰਾਂ ਦੀ ਮੰਨੀਏ ਤਾਂ ਇਕੱਲਾ ਪੰਜਾਬ ਦਾ ਸਿਹਤ ਖੇਤਰ ਹੀ ਵੈਕਸੀਨ ਤੋਂ ਵਾਂਝਾ ਨਹੀਂ ਬਲਕਿ ਦੇਸ਼ ਭਰ ਦੇ ਸੂਬਿਆ ਦੀਆਂ ਸਰਕਾਰਾਂ ਅਤੇ ਮੁਲਕ ਦੀ ਸਰਕਾਰ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਜਦਕਿ, ਪ੍ਰਾਈਵੇਟ ਹਸਪਤਾਲਾਂ ਵਿਚ ਮੋਟੇ ਪੈਸੇ ਦੇ ਕੇ ਇਹ ਟੀਕਾ ਅਸਾਨੀ ਨਾਲ ਲਗਵਾਇਆ ਜਾ ਸਕਦਾ ਹੈ। ਔਰਤਾਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਉਣ ਲਈ ਇਹ ਟੀਕਾ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ।
ਅਜੇ ਤੱਕ ਐਚਪੀਵੀ ਦੀ ਸ਼ੁਰੂਆਤ ਨਹੀਂ ਹੋਈ : ਪੰਜਾਬ ਦੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਟੀਕਾਕਰਨ ਸ਼ੈਡਿਊਲ ਵਿਚ ਐਚਪੀਵੀ ਵੈਕਸੀਨ ਉਪਲਬਧ ਨਹੀਂ ਹੈ। ਹਾਲਾਂਕਿ ਬੀਤੇ ਸਾਲਾਂ ਵਿਚ ਪੰਜਾਬ ਦੇ ਦੋ ਜ਼ਿਲ੍ਹਿਆਂ ਵਿਚ ਇਸ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਪਰ, ਕੁਝ ਕਾਰਨਾਂ ਕਰਕੇ ਉਹ ਠੱਪ ਹੋ ਗਿਆ। ਸਿਹਤ ਵਿਭਾਗ ਦਾ ਦਾਅਵਾ ਹੈ ਕਿ ਆਉਂਦੇ 6 ਤੋਂ 7 ਮਹੀਨਿਆਂ ਤੱਕ ਇਹ ਟੀਕਾ ਟੀਕਾਕਰਨ ਸ਼ੈਡਿਊਲ ਵਿਚ ਸ਼ਾਮਿਲ ਕਰ ਲਿਆ ਜਾਵੇਗਾ। ਪੰਜਾਬ ਦੇ ਮੌਜੂਦਾ ਟੀਕਾਕਰਨ ਸ਼ੈਡਿਊਲ ਵਿਚ ਬੀਸੀਜੀ, ਹੈਪੇਟਾਈਟਸ ਬੀ, ਓਪੀਵੀ, ਆਈਪੀਵੀ, ਪੈਂਟਾ, ਪੀਸੀਵੀ, ਰੋਟਾ, ਐਮਆਰ ਅਤੇ ਡੀਪੀਟੀ ਟੀਕੇ ਹੀ ਸ਼ਾਮਲ ਹਨ।
9 ਤੋਂ 12 ਦੀ ਉਮਰ ‘ਚ ਲੱਗਦਾ ਹੈ ਐਚਪੀਵੀ: ਐਚਪੀਵੀ ਦਾ ਟੀਕਾ 9 ਸਾਲ ਦੀ ਉਮਰ ਤੋਂ 12 ਸਾਲ ਦੀ ਉਮਰ ਤੱਕ ਦੀਆਂ ਲੜਕੀਆਂ ਨੂੰ ਲਗਾਇਆ ਜਾਂਦਾ ਹੈ। ਜੇਕਰ ਲੜਕੀਆਂ ਇਸਤੋਂ ਵਾਂਝੀਆਂ ਰਹਿ ਜਾਂਦੀਆਂ ਹਨ ਤਾਂ ਏਸੀਆਪੀ ਦੇ ਨਿਯਮਾਂ ਅਨੁਸਾਰ 26 ਸਾਲ ਦੀ ਉਮਰ ਤੱਕ ਇਹ ਟੀਕਾ ਲਗਵਾਇਆ ਜਾ ਸਕਦਾ ਹੈ। ਕਿਉਂਕਿ, ਸਰਵੀਕਲ ਕੈਂਸਰ ਸਿਰਫ਼ ਔਰਤਾਂ ਵਿਚ ਹੀ ਹੁੰਦਾ ਹੈ ਇਸੇ ਲਈ ਇਹ ਟੀਕਾ ਸਿਰਫ਼ ਲੜਕੀਆਂ ਨੂੰ ਹੀ ਲਗਾਇਆ ਜਾਂਦਾ ਹੈ।