ਚੰਡੀਗੜ੍ਹ: ਦਿੱਲੀ ਸਪੈਸ਼ਲ ਸੈੱਲ ਨੇ ਪੰਜਾਬ ਦੇ ਇੰਟਰਨੈਸ਼ਨਲ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਕੇਸ ਵਿੱਚ ਲੋੜੀਂਦੇ ਮੁਲਜ਼ਮ ਸ਼ੂਟਰ ਹੈਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ 14 ਮਾਰਚ 2022 ਨੂੰ ਸੰਦੀਪ ਨੰਗਲ ਅੰਬੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਹੈਰੀ ਫਰਾਰ ਸੀ। ਹੁਣ ਗੈਂਗਸਟਰ ਕੌਸ਼ਲ ਦੇ ਸਾਥੀ ਮੁਲਜ਼ਮ ਹੈਰੀ ਨੂੰ ਜਾਲ ਵਿਛਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। (Sandeep Nangal Ambia Murder Case)
ਪੰਜਾਬ 'ਚ ਕਈ ਜ਼ਿਲ੍ਹਿਆਂ ਦੀ ਪੁਲਿਸ ਨੂੰ ਭਾਲ: ਪੰਜਾਬ ਦੀ ਜਲੰਧਰ ਪੁਲਿਸ ਸੰਦੀਪ ਦੇ ਕਤਲ ਤੋਂ ਬਾਅਦ ਸ਼ੂਟਰ ਹੈਰੀ ਦੀ ਭਾਲ ਕਰ ਰਹੀ ਸੀ। ਦਿੱਲੀ ਪੁਲਿਸ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਸਕਦੀ ਹੈ। ਸੰਦੀਪ ਕਤਲ ਕਾਂਡ ਦੇ ਫ਼ਰਾਰ ਮੁਲਜ਼ਮ ਪੁਨੀਤ ਅਤੇ ਲਾਲੀ ਬਾਰੇ ਵੀ ਪੁੱਛਗਿੱਛ ਕੀਤੀ ਜਾਵੇਗੀ। ਸਿਰਫ ਜਲੰਧਰ ਪੁਲਿਸ ਹੀ ਨਹੀਂ ਸਗੋਂ ਹੋਰ ਵੀ ਕਈ ਜ਼ਿਲ੍ਹਿਆਂ ਦੀ ਪੁਲਿਸ ਮੁਲਜ਼ਮ ਦੀ ਭਾਲ 'ਚ ਸੀ।
ਮਾਮਲੇ 'ਚ ਇਹ ਲੋਕ ਨੇ ਨਾਮਜ਼ਦ:ਦਰਅਸਲ ਸੰਦੀਪ ਕਤਲ ਕੇਸ 'ਚ ਮੌਜੂਦਾ ਸਮੇਂ ਕੈਨੇਡਾ 'ਚ ਬੈਠੇ ਅੰਮ੍ਰਿਤਸਰ ਦੇ ਸਨੋਵਰ ਢਿੱਲੋਂ, ਮਲੇਸ਼ੀਆ 'ਚ ਰਹਿ ਰਹੇ ਸੁਖਵਿੰਦਰ ਸਿੰਘ ਦੁਨੋਕੇ ਉਰਫ ਸੁੱਖਾ ਸਿੰਘ, ਜਲੰਧਰ ਹਾਈਟਸ ਤੋਂ ਗ੍ਰਿਫਤਾਰ ਕੀਤੇ ਗਏ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਅਤੇ ਅਮਰੀਕਾ ਨਿਵਾਸੀ ਸੱਬਾ ਖਿਆੜਾ ਦੇ ਨਾਂ ਨਾਮਜ਼ਦ ਹਨ।
ਕਬੱਡੀ ਮੈਚ ਦੌਰਾਨ ਸ਼ਰੇਆਮ ਅੰਬੀਆ ਦਾ ਕਤਲ: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਿਛਲੇ ਸਾਲ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿੱਚ 5 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ, ਜਦੋਂ ਸੰਦੀਪ ਪਿੰਡ 'ਚ ਚੱਲ ਰਹੇ ਟੂਰਨਾਮੈਂਟ 'ਚ ਹਿੱਸਾ ਲੈਣ ਪਹੁੰਚਿਆ ਸੀ। ਮੈਚ ਦੌਰਾਨ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ। ਹਮਲਾਵਰ ਚਿੱਟੇ ਰੰਗ ਦੀ ਕਾਰ ਵਿੱਚ ਆਏ ਸਨ। ਉਨ੍ਹਾਂ ਨੇ ਸੰਦੀਪ 'ਤੇ ਕਰੀਬ 20 ਰਾਉਂਡ ਫਾਇਰ ਕੀਤੇ। ਉਸ ਨੂੰ ਮੂੰਹ ਤੋਂ ਛਾਤੀ ਤੱਕ ਗੋਲੀਆਂ ਮਾਰੀਆਂ ਗਈਆਂ ਸੀ।
ਫਤਿਹ ਨੇ ਕੀਤਾ ਸੀ ਸ਼ੂਟਰਾਂ ਦਾ ਇੰਤਜ਼ਾਮ: ਜੇਲ੍ਹ ਤੋਂ ਰਿਮਾਂਡ 'ਤੇ ਆਏ ਗੈਂਗਸਟਰ ਫਤਿਹ ਨੇ ਕਬੂਲ ਕੀਤਾ ਸੀ ਕਿ ਉਸ ਨੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁਨੇਕੇ ਨਾਲ ਮਿਲ ਕੇ ਕੈਨੇਡਾ 'ਚ ਬੈਠੇ ਸਨੋਵਰ ਢਿੱਲੋਂ ਦੇ ਕਹਿਣ 'ਤੇ ਸ਼ੂਟਰਾਂ ਦਾ ਇੰਤਜ਼ਾਮ ਕੀਤਾ ਸੀ। ਦੁੱਨੇਕੇ ਦੇ ਇਸ਼ਾਰੇ 'ਤੇ ਸਿਮਰਨਜੀਤ ਉਰਫ਼ ਜੁਝਾਰ ਨੇ ਅੰਮ੍ਰਿਤਸਰ ਦੇ ਪ੍ਰੀਤਮ ਇਨਕਲੇਵ 'ਚ ਆਪਣੇ ਰਿਸ਼ਤੇਦਾਰ ਸਵਰਨ ਸਿੰਘ ਦੇ ਘਰ ਸ਼ੂਟਰਾਂ ਨੂੰ ਠਿਕਾਣਾ ਮੁਹੱਈਆ ਕਰਵਾਇਆ। ਪੁਲਿਸ ਨੇ ਸਵਰਨ ਦੇ ਘਰੋਂ 18 ਕਾਰਤੂਸ ਅਤੇ 12 ਬੋਰ ਦੀ ਰਾਈਫਲ ਬਰਾਮਦ ਕੀਤੀ ਸੀ। ਸਵਰਨ ਸਿੰਘ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਸੰਦੀਪ ਨੇ ਸਨੋਵਰ ਢਿੱਲੋਂ ਦੀ ਨਹੀਂ ਮੰਨੀ ਸੀ ਗੱਲ ਤਾਂ ਕਰਵਾਇਆ ਕਤਲ:ਸਨੋਵਰ ਢਿੱਲੋਂ ਨੇ ਓਨਟਾਰੀਓ ਦੀ ਨੈਸ਼ਨਲ ਕਬੱਡੀ ਫੈਡਰੇਸ਼ਨ ਬਣਾਈ। ਉਸ ਨੇ ਖਿਡਾਰੀਆਂ ਨੂੰ ਆਪਣੀ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਲਈ ਕਿਹਾ ਪਰ ਜ਼ਿਆਦਾਤਰ ਵੱਡੇ ਖਿਡਾਰੀ 'ਮੇਜਰ ਲੀਗ ਕਬੱਡੀ' ਨਾਲ ਜੁੜੇ ਹੋਏ ਸਨ, ਇਸ ਦਾ ਪ੍ਰਬੰਧ ਸੰਦੀਪ ਨੰਗਲ ਅੰਬੀਆਂ ਨੇ ਦੇਖਿਆ ਸੀ। ਸਨੋਵਰ ਵੀ ਸੰਦੀਪ ਨੂੰ ਆਪਣੀ ਲੀਗ ਲਈ ਸੱਦਾ ਦਿੰਦਾ ਪਰ ਸੰਦੀਪ ਨੇ ਇਨਕਾਰ ਕਰ ਦਿੱਤਾ।
ਫੈਡਰੇਸ਼ਨ ਦੀ ਨਾਕਾਮੀ ਕਾਰਨ ਰਚੀ ਕਤਲ ਦੀ ਸਾਜਿਸ਼: ਪੁੱਛਗਿੱਛ ਦੌਰਾਨ ਫਤਿਹ ਨੇ ਦੱਸਿਆ ਸੀ ਕਿ ਸਨੋਵਰ ਨੇ ਕੁਝ ਖਿਡਾਰੀਆਂ 'ਤੇ ਫੈਡਰੇਸ਼ਨ 'ਚ ਸ਼ਾਮਲ ਹੋਣ ਲਈ ਦਬਾਅ ਵੀ ਪਾਇਆ ਪਰ ਕੋਈ ਵੀ ਤਿਆਰ ਨਹੀਂ ਹੋਇਆ। ਇਸ ਕਾਰਨ ਢਿੱਲੋਂ ਦੀ ਫੈਡਰੇਸ਼ਨ ਫੇਲ੍ਹ ਹੋ ਗਈ। ਸਨੋਵਰ ਫੈਡਰੇਸ਼ਨ ਦੀ ਨਾਕਾਮੀ ਨੂੰ ਬਰਦਾਸ਼ਤ ਨਹੀਂ ਕਰ ਸਕੇ। ਇਸੇ ਰੰਜਿਸ਼ ਕਾਰਨ ਉਸ ਨੇ ਜਗਜੀਤ ਗਾਂਧੀ ਅਤੇ ਸੁਖਵਿੰਦਰ ਸੁੱਖਾ ਨਾਲ ਮਿਲ ਕੇ ਸੰਦੀਪ ਅੰਬੀਆ ਦੇ ਕਤਲ ਦੀ ਸਾਜ਼ਿਸ਼ ਰਚੀ। ਸਨੋਵਰ ਢਿੱਲੋਂ ਭਾਵੇਂ ਅੰਮ੍ਰਿਤਸਰ ਦਾ ਵਸਨੀਕ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਹ ਕੈਨੇਡਾ ਦੇ ਬਰੈਂਪਟਨ (ਓਨਟਾਰੀਓ) ਵਿਖੇ ਰਹਿ ਰਿਹਾ ਹੈ। ਉਹ ਇੱਕ ਕੈਨੇਡੀਅਨ ਟੀਵੀ ਅਤੇ ਰੇਡੀਓ ਸ਼ੋਅ ਨਿਰਮਾਤਾ-ਨਿਰਦੇਸ਼ਕ ਹੈ। ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕੇ ਉਰਫ ਸੁੱਖ ਸਿੰਘ ਪਿੰਡ ਦੁੱਨੇਕੇ ਮੋਗਾ ਦਾ ਰਹਿਣ ਵਾਲਾ ਹੈ। ਉਹ ਵੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਹੈ। ਜਦਕਿ ਤੀਜਾ ਜਗਜੀਤ ਸਿੰਘ ਉਰਫ ਗਾਂਧੀ ਲੁਧਿਆਣਾ ਦੇ ਡੇਹਲੋਂ ਦਾ ਰਹਿਣ ਵਾਲਾ ਹੈ। ਇਸ ਸਮੇਂ ਗਾਂਧੀ ਮਲੇਸ਼ੀਆ ਵਿੱਚ ਰਹਿੰਦੇ ਹਨ।