ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਮੈਂਬਰ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਸੰਦੀਪ ਬਰੇਟਾ ਨੂੰ ਪੁਲਿਸ ਨੇ ਬੈਂਗਲੁਰੂ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਮੁੱਖ ਮੁਲਜ਼ਮ ਦੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਫ਼ਰੀਦਕੋਟ ਜ਼ਿਲ੍ਹੇ ਦੀ ਪੁਲਿਸ ਟੀਮ ਬੰਗਲੌਰ ਲਈ ਰਵਾਨਾ ਹੋ ਗਈ ਹੈ। ਮਾਮਲੇ ਨਾਲ ਸਬੰਧਤ ਤਿੰਨੋਂ ਘਟਨਾਵਾਂ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਨੇ ਰਾਮ ਰਹੀਮ ਅਤੇ ਹੋਰ ਡੇਰਾ ਪੈਰੋਕਾਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਦੱਸ ਦਈਏ ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿੱਚ ਸੰਦੀਪ ਬਰੇਟਾ ਅਤੇ ਕਮੇਟੀ ਦੇ ਦੋ ਹੋਰ ਮੈਂਬਰਾਂ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਨੂੰ ਵੀ ਭਗੌੜਾ ਕਰਾਰ ਦਿੱਤਾ ਸੀ।
ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਮੁਲਜ਼ਮ ਸੰਦੀਪ ਬਰੇਟਾ ਗ੍ਰਿਫ਼ਤਾਰ, ਪੁਲਿਸ ਨੇ ਬੈਂਗਲੁਰੂ ਹਵਾਈ ਅੱਡੇ ਤੋਂ ਕੀਤਾ ਕਾਬੂ - ਪੰਜਾਬ ਪੁਲਿਸ
ਪੰਜਾਬ ਵਿੱਚ ਚਰਚਾ ਦਾ ਵਿਸ਼ਾ ਰਹੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਸੰਦੀਪ ਬਰੇਟਾ ਨੂੰ ਪੁਲਿਸ ਨੇ ਬੈਂਗਲੁਰੂ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਦੀ ਪੰਜਾਬ ਪੁਲਿਸ ਨੇ ਟਵੀਟ ਕਰਕੇ ਪੁਸ਼ਟੀ ਕੀਤੀ ਹੈ। ਮੁਲਜ਼ਮ ਬਰੇਟਾ ਖ਼ਿਲਾਫ਼ ਪੰਜਾਬ ਪੁਲਿਸ ਨੇ ਪਹਿਲਾਂ ਹੀ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ।
ਪੰਜਾਬ ਪੁਲਿਸ ਨੇ ਟਵੀਟ ਕਰ ਸਾਂਝੀ ਕੀਤੀ ਜਾਣਕਾਰੀ: ਪੰਜਾਬ ਪੁਲਿਸ ਨੇ ਮਾਮਲੇ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ,'ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਭਗੌੜਾ ਕਰਾਰ ਦਿੱਤੇ ਗਏ ‘ਸੰਦੀਪ ਬਰੇਟਾ’ ਨੂੰ ਪੰਜਾਬ ਪੁਲਿਸ ਵੱਲੋਂ ਜਾਰੀ ਲੁਕਆਊਟ ਨੋਟਿਸ ਦੇ ਤਹਿਤ ਅੱਜ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਕਰਨ ਲਈ ਪੁਲਿਸ ਪਾਰਟੀ ਭੇਜੀ ਗਈ,'।
ਕੀ ਹੈ ਪੂਰਾ ਮਾਮਲਾ ?: 12 ਅਕਤੂਬਰ 2015 ਨੂੰ ਫਰੀਦਕੋਟ ਦੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ 14 ਅਕਤੂਬਰ ਨੂੰ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਕਰਦਿਆਂ ਐਕਸ਼ਨ ਕੀਤਾ ਸੀ। ਬਹਿਬਲ ਕਲਾਂ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ, ਜਿਸ ਵਿੱਚ 2 ਸਿੱਖ ਵਿਅਕਤੀ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ। ਕੋਟਕਪੂਰਾ ਵਿੱਚ ਵੀ ਫਾਇਰਿੰਗ ਹੋਈ, ਜਿਸ ਵਿੱਚ 100 ਦੇ ਕਰੀਬ ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ। ਪੁਲਿਸ ਨੇ 7 ਅਗਸਤ 2018 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ। ਜੂਨ 2015 ਵਿੱਚ ਐੱਸਆਈਟੀ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਪਾਵਨ ਸਰੂਪ ਚੋਰੀ ਹੋਣ ਦੀ ਘਟਨਾ ਵਿੱਚ ਡੇਰਾ ਸੱਚਾ ਸੌਦਾ ਦੇ 7 ਪੈਰੋਕਾਰਾਂ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਰਾਮ ਰਹੀਮ, ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਵੀ ਬੇਅਦਬੀ ਦੀ ਸਾਜ਼ਿਸ਼ ਦੇ ਇਲਜ਼ਾਮਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ।