ਚੰਡੀਗੜ੍ਹ :ਅੱਜ ਪੰਜਾਬ ਦੇ ਸਾਬਕਾ ਮੁਖ ਮੰਤਰੀ ਮਰਹੂਮ ਸ੍ਰ.ਪ੍ਰਕਾਸ਼ ਸਿੰਘ ਬਾਦਲ ਦਾ ਜਨਮਦਿਨ ਹੈ। ਇਸ ਖਾਸ ਦਿਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਦਭਾਵਨਾ ਦਿਵਸ ਵੱਜੋਂ ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਦਿਨ ਉੱਤੇ ਵੱਖ-ਵੱਖ ਥਾਵਾਂ ਉੱਤੇ ਖੂਨ ਦਾਨ ਕੈਂਪ ਲਾਏ ਜਾ ਰਹੇ ਹਨ। ਇਸ ਮੌਕੇ ਸਮੂਹ ਅਕਾਲੀ ਦਲ ਵੱਲੋਂ ਮਰਹੂਮ ਸਾਬਕਾ ਮੁੱਖ ਮੰਤਰੀ ਨੂੰ ਯਾਦ ਕੀਤਾ ਜਾ ਰਿਹਾ ਹੈ। ਕਈ ਥਾਵਾਂ ਉੱਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ।
ਸੁਖਬੀਰ ਸਿੰਘ ਬਾਦਲ ਨੇ ਭਾਵੁਕ ਹੋ ਕੇ ਪਿਤਾ ਨੂੰ ਕੀਤਾ ਯਾਦ:ਮਰਹੂਮ ਪਰਕਾਸ਼ ਸਿੰਘ ਬਾਦਲ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਆਪਣੇ ਪਿਤਾ ਪਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਲਈ ਇਹ ਅਕਹਿ ਤਕਲੀਫ਼ ਦੇ ਪਲ ਹਨ ਕਿਉਂਕਿ ਮੇਰੀ ਜਿੰਦਗੀ ਵਿੱਚ ਪਹਿਲੀ ਵਾਰੀ ਹੈ ਕਿ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੇ ਜਨਮ ਦਿਨ ਸਮੇਂ ਉਹ ਆਪ ਸਾਡੇ ਦਰਮਿਆਨ ਮੌਜੂਦ ਨਹੀਂ ਹਨ। ਬੇਟੇ ਵਜੋਂ ਮੇਰਾ ਮਨ ਭਰਿਆ ਹੋਇਆ ਹੈ। ਉਹਨਾਂ ਨੇ ਹਮੇਸ਼ਾਂ ਮੈਨੂੰ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਮੈਂ ਬਾਦਲ ਸਾਬ੍ਹ ਵੱਲੋਂ ਦਰਸਾਏ ਮਾਰਗ 'ਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣ ਦਾ ਅਹਿਦ ਕਰਦਾ ਹਾਂ। (birth anniversary at Late Parkash Singh Badal)
ਹਰਸਿਮਰਤ ਕੌਰ ਬਾਦਲ ਨੇ ਵੀ ਕੀਤਾ ਯਾਦ:ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਅਸੀਂ ਤੁਹਾਨੂੰ ਬਹੁਤ ਯਾਦ ਕਰ ਰਹੇ ਹਾਂ,ਅੱਜ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦਾ ਜਨਮ ਦਿਨ ਹੈ, ਅੱਜ ਮਨ ਉਦਾਸ ਹੈ ਕਿਉਂਕਿ ਇਹ ਪਹਿਲੀ ਵਾਰ ਹੈ। ਜਦ ਬਾਦਲ ਸਾਬ੍ਹ ਦੇ ਜਨਮ ਦਿਨ 'ਤੇ ਉਹ ਸਾਡੇ ਕੋਲ ਨਹੀਂ ਹਨ,ਪਰ ਉਹਨਾਂ ਦੇ ਆਦਰਸ਼ ਅਤੇ ਯਾਦਾਂ ਦਾ ਸਰਮਾਇਆ ਹਮੇਸ਼ਾਂ ਸਾਨੂੰ ਮਾਣ ਮਹਿਸੂਸ ਕਰਵਾਉਂਦਾ ਰਹੇਗਾ ਕਿ ਅਸੀਂ ਉਸ ਬੋਹੜ ਦੀ ਛਾਂ ਦਾ ਨਿੱਘ ਮਾਣਿਆ। ਜਿਸਨੇ ਆਪਣੀ ਸਾਰੀ ਜ਼ਿੰਦਗੀ ਪੰਥ,ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਦੇ ਹੋਏ ਕਿਸਾਨ-ਮਜਦੂਰ,ਹਰ ਧਰਮ ਤੇ ਹਰ ਵਰਗ ਦਾ ਭਲਾ ਹੀ ਸੋਚਿਆ। ਮੈਂ ਹਮੇਸ਼ਾਂ ਬਾਦਲ ਸਾਬ੍ਹ ਨੂੰ ਆਪਣੇ ਮਾਰਗਦਰਸ਼ਕ ਵਜੋਂ ਦੇਖਿਆ ਤੇ ਉਹਨਾਂ ਦੇ ਦਿਖਾਏ ਰਸਤੇ 'ਤੇ ਚੱਲਣ ਯਤਨ ਵੀ ਕਰਦੀ ਹਾਂ।
ਸਿਆਸੀ ਸਫਰ ਦੀ ਸ਼ੁਰੂਆਤ: ਜ਼ਿਕਰਯੋਗ ਹੈ ਕਿ ਸਭ ਤੋਂ ਘੱਟ ਉਮਰ 'ਚ ਸਰਪੰਚ ਤੇ ਮੁੱਖ ਮੰਤਰੀ ਅਤੇ ਸਭ ਤੋਂ ਬਜ਼ੁਰਗ ਉਮੀਦਵਾਰ ਰਹੇ, ਮਰਹੂਮ ਪਰਕਾਸ਼ ਸਿੰਘ ਬਾਦਲ ਨੇ ਸਾਲ 1947 ਵਿੱਚ ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਸਰਪੰਚ ਦੀ ਚੋਣ ਲੜੀ ਅਤੇ ਜਿੱਤੀ। ਫਿਰ ਉਹ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ। 1957 ਵਿੱਚ ਉਨ੍ਹਾਂ ਨੇ ਪਹਿਲੀ ਵਿਧਾਨ ਸਭਾ ਚੋਣ ਲੜੀ। ਉਹ 1969 ਵਿੱਚ ਫਿਰ ਜਿੱਤ ਗਏ। 1969-70 ਤੱਕ ਉਹ ਪੰਚਾਇਤ ਰਾਜ, ਪਸ਼ੂ ਪਾਲਣ, ਡੇਅਰੀ ਆਦਿ ਮੰਤਰਾਲਿਆਂ ਦੇ ਮੰਤਰੀ ਰਹੇ। ਇਸ ਤੋਂ ਇਲਾਵਾ ਉਹ 1970-71 ਵਿੱਚ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ 1977-80, 1997-2002 ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ। ਉਹ 1972, 1980 ਅਤੇ 2002 ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਬਣੇ। ਜਦੋਂ ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਸਨ, ਤਾਂ ਉਹ ਸੰਸਦ ਮੈਂਬਰ ਵੀ ਚੁਣੇ ਗਏ ਸਨ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਲੇ ਸਭ ਤੋਂ ਬਜ਼ੁਰਗ ਉਮੀਦਵਾਰ ਵੀ ਬਣੇ ਸਨ।