ਚੰਡੀਗੜ੍ਹ: ਵਿਧਾਇਕ ਸੁਖਪਾਲ ਖਹਿਰਾ ਵੱਲੋਂ ਅਸਤੀਫਾ ਵਾਪਸ ਲੈਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ (ਆਪ) ਦੇ ਬਾਗੀ ਵਿਧਾਇਕਾਂ ਖਿਲਾਫ ਝੰਡਾ ਚੁੱਕ ਲੈ ਲਿਆ ਹੈ। ਅਕਾਲੀ ਦਲ ਨੇ ਨਵੀਂ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਦੋ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਨੂੰ ਤੁਰੰਤ ਅਯੋਗ ਠਹਿਰਾਉਣ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਅਕਾਲੀ ਦਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੀ ਲੰਮੇ ਸਮੇਂ ਤੋਂ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕਰ ਰਹੀ ਹੈ ਪਰ ਸਪੀਕਰ ਇਸ ਨੂੰ ਲਗਾਤਾਰ ਟਾਲਦੇ ਆ ਰਹੇ ਹਨ। ਨਿਯਮਾਂ ਮੁਤਾਬਕ ਤਿੰਨੇ ਵਿਧਾਇਕ ਦਲ-ਬਦਲੀ ਕਾਨੂੰਨ ਮੁਤਾਬਕ ਅਯੋਗ ਕਰਾਰ ਦਿੱਤੇ ਜਾ ਸਕਦੇ ਹਨ ਕਿਉਂਕਿ ਮਾਨਸ਼ਾਹੀਆ ਤੇ ਸੰਦੋਆ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ। ਦੂਜੇ ਪਾਸੇ ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਬਣਾ ਲਈ ਹੈ।
ਖਹਿਰਾ ਨੇ ਲੋਕ ਸਭਾ ਚੋਣ ਲੜਨ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਸੀ, ਪਰ ਬੀਤੇ ਦਿਨ ਅਚਾਨਕ ਅਸਤੀਫਾ ਵਾਪਸ ਲੈ ਲਿਆ। ਇਸ ਤੋਂ ਖਫਾ ਆਮ ਆਦਮੀ ਪਾਰਟੀ ਨੇ ਖਹਿਰਾ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਸੀ। ਅਕਾਲੀ ਦਲ ਨੇ ਵੀ ਆਪ ਦੀ ਹਾਂ ਵਿੱਚ ਹਾਂ ਮਲਾਈ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਲੋਂ ਵਿਧਾਨ ਸਭਾ ਸਪੀਕਰ ਕੋਲ ਪਹੁੰਚ ਕੇ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਕੋਸ਼ਿਸ਼ ਸੰਵਿਧਾਨ ਨਾਲ ਧੋਖਾ ਹੈ।