ਚੰਡੀਗੜ੍ਹ: ਬੀਤੇ ਦਿਨੀਂ ਚੀਨ ਦੀ ਸਰਹੱਦ 'ਤੇ ਦੇਸ਼ ਲਈ ਡਿਊਟੀ ਦੇਣ ਦੌਰਾਨ ਸ਼ਹੀਦ ਹੋਏ ਸਿਪਾਹੀ ਲਖਵੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਉਸਦੇ ਜੱਦੀ ਪਿੰਡ ਡੇਮਰੂ ਖੁਰਦ ਵਿਖੇ ਹੋਇਆ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਿਰਕਤ ਕੀਤੀ। ਇਸ ਮੌਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਮੁਹੰਮਦ ਸਦੀਕ, ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਹਾਜ਼ਰ ਸਨ।
'ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ' - ਲੋਕ ਸਭਾ ਹਲਕਾ ਫਰੀਦਕੋਟ
ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਮੁਹੰਮਦ ਸਦੀਕ ਨੇ ਸ਼ਹੀਦ ਦੀ ਕੁਰਬਾਨੀ ਨੂੰ ਸਭ ਤੋਂ ਵੱਡੀ ਕੁਰਬਾਨੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ।
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸ਼ਹੀਦ ਨੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਦੇਸ਼ ਦੇ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਵਾ ਦਿੱਤਾ ਹੈ। ਉਸ ਦੀ ਇਸ ਕੁਰਬਾਨੀ ਨੂੰ ਦੇਸ਼ ਵਾਸੀ ਕਦੇ ਵੀ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉੱਤੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਸੂਬੇ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਸਤਿਕਾਰ ਦੇਣ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਦਿੱਤੀ ਜਾਣ ਵਾਲੀ 12 ਲੱਖ ਰੁਪਏ ਦੀ ਰਾਸ਼ੀ ਨੂੰ ਵਧਾ ਕੇ 50 ਲੱਖ ਰੁਪਏ ਕਰ ਦਿੱਤਾ ਗਿਆ ਹੈ
ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਸ਼ਹੀਦ ਦੇ ਪਰਿਵਾਰ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਦੀ ਪਤਨੀ ਨੂੰ 25 ਹਜ਼ਾਰ ਰੁਪਏ ਦੀ ਫੌਰੀ ਆਰਥਿਕ ਰਾਸ਼ੀ ਅੰਤਿਮ ਸਸਕਾਰ ਵਾਲੇ ਦਿਨ ਦਿੱਤੀ ਗਈ ਸੀ, ਜਦਕਿ ਅੱਜ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਜਲਦ ਹੀ ਸ਼ਹੀਦ ਦੀ ਪਤਨੀ ਨੂੰ ਸਰਕਾਰੀ ਨੌਕਰੀ ਅਤੇ ਬਣਦੀ ਹੋਰ ਮਾਲੀ ਮਦਦ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਐਲਾਨ ਕੀਤਾ ਕਿ ਪਿੰਡ ਦੇ ਸਰਕਾਰੀ ਸਕੂਲ ਅਤੇ ਸੜਕ ਦਾ ਨਾਮ ਸ਼ਹੀਦ ਲਖਵੀਰ ਸਿੰਘ ਦੇ ਨਾਮ ਉਪਰ ਰੱਖਿਆ ਜਾਵੇਗਾ।