ਚੰਡੀਗੜ੍ਹ : ਸਿਹਤ ਖੇਤਰ ਅਤੇ ਆਮ ਲੋਕਾਂ ਦਰਮਿਆਨ ਅਕਾਦਮਿਕ ਅਤੇ ਸਿਹਤ ਸਬੰਧੀ ਜਾਗਰੂਕਤਾ ਗਤੀਵਿਧੀਆਂ ਲਈ ਸਿਹਤ ਸੇਵਾਵਾਂ ਨਾਲ ਜੁੜੇ ਪੇਸ਼ੇਵਰਾਂ ਵੱਲੋਂ ਬਣਾਈ ਸੰਸਥਾ 'ਜੀ ਐੱਲ ਰੈਂਜਵਸ' ਵੱਲੋਂ ਅੱਜ ਵਿਸ਼ਵ ਹੈਪੇਟਾਇਟਸ ਦਿਵਸ ਮੌਕੇ ਸੁਖਨਾ ਝੀਲ ਤੋਂ ਕੈਪੀਟਲ ਕੰਪਲੈਕਸ ਤੱਕ 'ਰਨ ਫਾਰ ਅਵੇਰਨੈੱਸ' ਵਿਸ਼ੇ ਹੇਠ ਮੈਰਾਥਨ ਕਰਵਾਈ ਗਈ।
ਤੁਹਾਨੂੰ ਦੱਸ ਦਈਏ ਕਿ ਭਾਰਤ ਨੂੰ ਆਪਣੀ ਕਪਤਾਨੀ ਹੇਠ ਇਕਲੌਤਾ ਵਿਸ਼ਵ ਕੱਪ ਜਿਤਾਉਣ ਵਾਲੇ ਮਹਾਨ ਹਾਕੀ ਓਲੰਪੀਅਨ ਪਦਮ ਸ੍ਰੀ ਅਜੀਤ ਪਾਲ ਸਿੰਘ ਨੇ ਇਸ ਮੈਰਾਥਨ ਦੀ ਅਗਵਾਈ ਕੀਤੀ ਜਿਸ ਵਿੱਚ ਕਰੀਬ 300 ਵਿਅਕਤੀਆਂ ਨੇ ਹਿੱਸਾ ਲਿਆ।
ਵਿਸ਼ਵ ਸਿਹਤ ਸੰਗਠਨ ਦੁਆਰਾ ਹਰੇਕ ਸਾਲ 28 ਜੁਲਾਈ ਨੂੰ ਵਿਸ਼ਵ ਹੈਪੇਟਾਇਟਸ ਦਿਵਸ ਆਲਮੀ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਵਿਸ਼ਵ ਹੈਪੇਟਾਇਟਸ ਦਿਵਸ ਦੇ ਵਿਸ਼ਵ ''ਫਾਈਂਡ ਦ ਮਿਸਿੰਗ ਮਿਲੀਅਨਜ'' ਨੂੰ ਪੀਜੀਆਈ ਦੇ ਹੈਪਾਟੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਨੈਸ਼ਨਲ ਵਾਇਰਲ ਹੈਪੇਟਾਇਟਸ ਕੰਟਰੋਲ ਪ੍ਰੋਗਰਾਮ ਦੇ ਚੇਅਰਮੈਨ ਡਾ. ਆਰ.ਕੇ. ਧੀਮਾਨ ਵੱਲੋਂ ਢੁੱਕਵੇਂ ਢੰਗ ਨਾਲ ਉਜਾਗਰ ਕੀਤਾ ਗਿਆ। ਉਨਾਂ ਤਕਰੀਬਨ 300 ਲੋਕਾਂ ਨਾਲ ਲਿਵਰ ਦੇ ਬਚਾਅ ਅਤੇ ਹੈਪੇਟਾਇਟਸ ਦੇ ਖਾਤਮੇ ਸਬੰਧੀ ਆਪਣੇ ਕੀਮਤੀ ਵਿਚਾਰ ਵੀ ਸਾਂਝੇ ਕੀਤੇ।