ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਨੇ ਗਲਵਾਨ ਵੈਲੀ ਵਿੱਚ ਚੀਨ ਦੀ ਫੌਜ ਵੱਲੋਂ ਭਾਰਤੀ ਫੌਜ ਦੇ 20 ਜਵਾਨਾਂ ਨੂੰ ਮਾਰੇ ਜਾਣ ਦੀ ਘਟਨਾ ਨੂੰ ਭਿਆਨਕ ਅਤੇ ਵਹਿਸ਼ੀ ਦੱਸਦਿਆਂ ਕੇਂਦਰ ਸਰਕਾਰ ਕੋਲੋਂ ਪੁੱਛਿਆ ਹੈ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ? ਭਾਰਤ-ਚੀਨ ਦੀ ਸਰਹੱਦ 'ਤੇ ਬੇਰਹਿਮੀ ਨਾਲ ਮਾਰੇ ਗਏ ਭਾਰਤੀ ਜਵਾਨਾਂ ਦੇ ਨੁਕਸਾਨ ਲਈ ਜਵਾਬਦੇਹੀ ਦੀ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਇਸ ਵਹਿਸ਼ੀਆਨਾ ਹਮਲੇ ਦੀ ਅਸਲ ਸੱਚਾਈ ਭਾਰਤੀ ਲੋਕਾਂ ਸਾਹਮਣੇ ਲੈ ਕੇ ਆਵੇ। ਇਸ ਹਮਲੇ ਵਿੱਚ ਪੰਜਾਬ ਦੇ 4 ਜਵਾਨ ਸ਼ਹੀਦ ਹੋਏ ਹਨ।
ਭਾਵਨਾਤਮਕ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਸਿਆਸੀ ਆਗੂ ਵਜੋਂ ਨਹੀਂ ਬਲਕਿ ਇੱਕ ਸਾਬਕਾ ਫੌਜੀ ਦੇ ਤੌਰ 'ਤੇ ਕੇਂਦਰ ਸਰਕਾਰ ਕੋਲੋਂ ਪੁੱਛਣਾ ਚਾਹੁੰਦੇ ਹਨ ਕਿ ਜਦੋਂ ਫਰੰਟਲਾਈਨ 'ਤੇ ਫੌਜ ਨੂੰ ਇੱਕ ਦੇ ਬਦਲੇ ਦੁਸ਼ਮਣ ਦੇ ਤਿੰਨ ਜਵਾਨ ਮਾਰਨ ਦੇ ਹੁਕਮ ਹਨ ਤਾਂ ਭਾਰਤੀ ਫੌਜੀ ਬਿਨ੍ਹਾਂ ਹਥਿਆਰਾਂ ਤੋਂ ਦੁਸ਼ਮਣ ਨਾਲ ਗੱਲ ਕਰਨ ਲਈ ਕਿਵੇਂ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸੇ ਨਾ ਕਿਸੇ ਦੀ ਨਾਕਾਮੀ ਜ਼ਰੂਰ ਹੋਈ ਹੈ ਅਤੇ ਸਾਨੂੰ ਇਹ ਪਤਾ ਕਰਨ ਦੀ ਲੋੜ ਹੈ ਕਿ ਆਖਿਰ ਕਿਸ ਦੀ ਅਣਗਹਿਲੀ ਕਾਰਨ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ।
ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਭਾਰਤੀ ਫੌਜ ਅਤਿ-ਆਧੁਨਿਕ ਹਥਿਆਰਾਂ ਨਾਲ ਲੜਨ ਵਿੱਚ ਸਮਰੱਥ ਹੈ ਤਾਂ ਅਜਿਹੇ ਵਿੱਚ ਜੇਕਰ ਭਾਰਤ ਸਰਕਾਰ ਚਾਹੁੰਦੀ ਹੈ ਕਿ ਚੀਨ ਦੀ ਫੌਜ ਨਾਲ ਮੁੱਕਿਆਂ ਜਾਂ ਡੰਡਿਆਂ ਨਾਲ ਲੜਿਆ ਜਾਏ ਤਾਂ ਬੇਹਤਰ ਹੋਵੇਗਾ ਕਿ ਸਰਹੱਦ ਉੱਤੇ ਆਰ.ਐਸ.ਐਸ. ਦੇ ਕੇਡਰ ਨੂੰ ਭੇਜਿਆ ਜਾਵੇ। ਕੈਪਟਨ ਨੇ ਕਿਹਾ ਕਿ ਅਜਿਹੇ ਤਲਖੀ ਵਾਲੇ ਮਾਹੌਲ ਵਿੱਚ ਭਾਰਤੀ ਫੌਜ ਨੂੰ ਹਥਿਆਰ ਵਰਤਣ ਦੇ ਹੁਕਮ ਹੋਣੇ ਚਾਹੀਦੇ ਹਨ।
ਕੈਪਟਨ ਨੇ ਕਿਹਾ ਕਿ ਪੁਲਵਾਮਾ ਹਮਲੇ ਪਿੱਛੋਂ ਜਿਹੜਾ ਉਨ੍ਹਾਂ ਨੇ ਬਿਆਨ ਦਿੱਤਾ ਸੀ, ਉਹ ਅੱਜ ਵੀ ਉਸ 'ਤੇ ਕਾਇਮ ਹਨ ਕਿ ਜੇਕਰ ਦੁਸ਼ਮਣ ਸਾਡੇ ਇੱਕ ਜਵਾਨ ਨੂੰ ਮਾਰੇਗਾ ਤਾਂ ਉਹ ਦੁਸ਼ਮਣ ਦੇ ਦੋ ਜਵਾਨ ਮਾਰਨਗੇ। ਉਨ੍ਹਾਂ ਇਸ ਗੱਲ ਉੱਤੇ ਵੀ ਹੈਰਾਨ ਪ੍ਰਗਟਾਈ ਕਿ ਜੇਕਰ ਚੀਨੀ ਫੌਜ ਦੇ ਹਮਲੇ ਵਿੱਚ ਭਾਰਤੀ ਫੌਜ ਦੇ ਕਰਨਲ ਨੂੰ ਸੱਟਾਂ ਮਾਰੀਆਂ ਗਈਆਂ ਤਾਂ ਪਹਾੜਾਂ ਉੱਤੇ ਮੌਜੂਦ ਪਿਛਲੀਆਂ ਟੁਕੜੀਆਂ ਨੂੰ ਹਮਲਾ ਕਰਨ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ? ਉਨ੍ਹਾਂ ਕਿਹਾ ਕਿ ਆਖਿਰ ਕਿਸ ਦੇ ਹੁਕਮਾਂ ਉੱਤੇ ਭਾਰਤੀ ਫੌਜ ਚੁੱਪ ਬੈਠ ਗਈ, ਇਹ ਭਾਰਤ ਸਰਕਾਰ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਨਿਰੋਲ ਖੁਫੀਆ ਤੰਤਰ ਦੀ ਨਾਕਾਮੀ ਹੈ ਅਤੇ ਭਾਰਤੀ ਫੌਜ ਇਸ ਦਾ ਜਵਾਬ ਮੰਗਦੀ ਹੈ ਅਤੇ ਇਹ ਉਮੀਦ ਰੱਖਦੀ ਹੈ ਕਿ ਉਨ੍ਹਾਂ ਦੇ ਸਾਥੀਆਂ ਦਾ ਬਦਲਾ ਲੈਣ ਲਈ ਸਖਤ ਕਾਰਵਾਈ ਲਈ ਹੁਕਮ ਦਿੱਤੇ ਜਾਣ।
ਕੈਪਟਨ ਨੇ ਕਿਹਾ ਕਿ ਜੋ ਵੀ ਗਲਵਾਨ ਵੈਲੀ ਵਿੱਚ ਹੋਇਆ ਉਹ ਇੱਕ ਮਜ਼ਾਕ ਨਹੀਂ ਸੀ ਬਲਕਿ ਹੋਣਾ ਤਾਂ ਇਹ ਚਾਹੀਦਾ ਸੀ, ਇਸ ਕਾਰਵਾਈ ਪਿੱਛੋਂ ਚੀਨ ਦੀ ਫੌਜ ਨੂੰ ਸਬਕ ਸਿਖਾਇਆ ਜਾਂਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਚੀਨ ਆਪਣੇ ਆਪ ਨੂੰ ਫੌਜੀ ਤਾਕਤ ਵਿੱਚ ਸੰਸਾਰ ਦੀ ਨੰਬਰ ਵੰਨ ਮੰਨਦਾ ਹੈ ਤਾਂ ਉਹ ਭਾਰਤੀ ਫੌਜ ਦੀ ਸਮਰੱਥਾ ਤੋਂ ਵਾਕਿਫ਼ ਨਹੀਂ ਹੈ।