ਚੰਡੀਗੜ੍ਹ ਡੈਸਕ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਇਸ ਵਾਰ ਵੀ ਉਨ੍ਹਾਂ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਅਜਿਹਾ ਬਿਆਨ ਦਿੱਤਾ, ਜਿਸ ਨੇ ਉਨ੍ਹਾਂ ਨੂੰ ਸਵਾਲਾਂ ਦੇ ਘੇਰੇ 'ਚ ਲੈ ਲਿਆ। ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਟਵੀਟ ਕਰ ਕੇ ਰਾਹੁਲ ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, "ਮੈਂ ਕੈਲੀਫੋਰਨੀਆ ਵਿੱਚ ਰਾਹੁਲ ਗਾਂਧੀ ਦੇ ਬਿਆਨ ਤੋਂ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ, ਜਿਸ ਵਿੱਚ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਤੇ ਉਦਾਸੀਆਂ ਦੀ ਤੁਲਨਾ ਆਪਣੀ ਭਾਰਤ ਜੋੜੋ ਯਾਤਰਾ ਨਾਲ ਕੀਤੀ ਸੀ।
ਰਾਹੁਲ ਗਾਂਧੀ ਦੇ ਭਾਸ਼ਣ ਦਾ ਇਹ ਹਿੱਸਾ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਕਿਹਾ, “ਮੈਂ ਕਿਤੇ ਪੜ੍ਹਿਆ ਸੀ ਕਿ ਗੁਰੂ ਨਾਨਕ ਦੇਵ ਜੀ ਮੱਕਾ, ਸਾਊਦੀ ਅਰਬ ਗਏ ਸਨ। ਉਹ ਥਾਈਲੈਂਡ ਗਏ, ਉਹ ਸ੍ਰੀਲੰਕਾ ਗਏ। ਇਹ ਵੱਡੇ ਬੰਦੇ ਸਾਡੇ ਜਨਮ ਤੋਂ ਬਹੁਤ ਪਹਿਲਾਂ ਭਾਰਤ ਜੋੜੇ ਕਰ ਗਏ ਸਨ।
ਕੀ ਸੀ ਰਾਹੁਲ ਗਾਂਧੀ ਦਾ ਬਿਆਨ :ਦੱਸ ਦਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਆਪਣੇ ਅਮਰੀਕੀ ਦੌਰੇ ਉਤੇ ਹਨ। ਇਸ ਦੌਰੇ ਦੌਰਾਨ ਉਹ ਬੀਤੇ ਦਿਨ ਕੈਲੀਫੋਰਨੀਆ ਵਿਖੇ ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਕਰਵਾਏ ਗਏ ਪ੍ਰੋਗਰਾਮ "ਮੁਹੱਬਤ ਕੀ ਦੁਕਾਨ" ਦੌਰਾਨ ਇਕ ਬਿਆਨ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ "ਮੈਂ ਕਿਤੇ ਪੜ੍ਹਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੀਆਂ ਵੱਡੀਆਂ ਸਖ਼ਸ਼ੀਅਤਾਂ ਨੇ ਸਾਡੇ ਤੋਂ ਵੀ ਬਹੁਤ ਪਹਿਲਾਂ ਮੱਕਾ, ਸਾਊਦੀ ਅਰਬ, ਥਾਈਲੈਂਡ, ਸ਼੍ਰੀਲੰਕਾ ਗਏ ਸਨ। ਇਨ੍ਹਾਂ ਨੇ ਸਾਡੇ ਜਨਮ ਤੋਂ ਵੀ ਪਹਿਲਾਂ ਭਾਰਤ ਜੋੜੋ ਯਾਤਰਾ ਕਰ ਲਈ ਸੀ।
ਆਰਪੀ ਸਿੰਘ ਦਾ ਟਵੀਟ :ਰਾਹੁਲ ਗਾਂਧੀ ਦੇ ਇਸ ਬਿਆਨ ਦੀ ਚਾਰ-ਚੁਫੇਰੇ ਨਿੰਦਾ ਹੋ ਰਹੀ ਹੈ। ਖਾਸਕਰ ਸਿੱਖ ਜਗਤ ਵਿੱਚ ਇਸ ਬਿਆਨ ਨੂੰ ਲੈ ਕੇ ਕਾਫੀ ਰੋਸ ਹੈ। ਇਸ ਉਤੇ ਆਰਪੀ ਸਿੰਘ ਨੇ ਟਵੀਟ ਜਾਰੀ ਕਰਦਿਆਂ ਕਿਹਾ ਹੈ ਕਿ "ਮੈਂ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਹੁਤ ਦੁਖੀ ਅਤੇ ਘਬਰਾ ਗਿਆ ਹਾਂ ਕਿ ਕੈਲੀਫੋਰਨੀਆ ਵਿੱਚ ਬਿਆਨ "ਗੁਰੂ ਨਾਨਕ ਜੀ ਨੇ ਮੇਰੇ ਤੋਂ ਬਹੁਤ ਪਹਿਲਾਂ ਮੱਕਾ, ਥਾਈਲੈਂਡ ਜਾ ਕੇ ਭਾਰਤ ਜੋੜੋ ਯਾਤਰਾ ਕੀਤੀ ਸੀ।"
ਸਿੱਖ ਸੰਗਤ ਵੱਲੋਂ ਵੀ ਇਤਰਾਜ਼ : ਰਾਹੁਲ ਗਾਂਧੀ ਦੇ ਇਸ ਬਿਆਨ ਦੀ ਚਾਰ ਚੁਫੇਰੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾ ਰਹੀ ਹੈ। ਐਸਜੀਪੀਸੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਵਰਗਾ ਨਾ ਪਹਿਲਾਂ ਕੋਈ ਹੋਇਆ ਅਤੇ ਨਾ ਹੀ ਹੋ ਸਕਦਾ ਹੈ। ਅਮਰੀਕਾ ਦੇ ਦੌਰੇ 'ਤੇ ਗਿਆ ਰਾਹੁਲ ਗਾਂਧੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਨਾਲ ਭਾਰਤ ਜੋੜੋ ਯਾਤਰਾ ਦੀ ਤੁਲਨਾ ਕਰ ਰਿਹਾ ਹੈ, ਜੋ ਕਿ ਸ਼ਰਮਸਾਰ ਕਰਨ ਵਾਲਾ ਬਿਆਨ ਹੈ। ਭਾਰਤ ਜੋੜੋ ਯਾਤਰਾ ਰਾਜਨੀਤੀ ਦੇ ਮੰਤਵ ਅਤੇ ਵੋਟਾਂ ਲਈ ਕੀਤੀ ਗਈ ਸੀ। ਮੰਦਬੁੱਧੀ ਲੋਕ ਜਦੋਂ ਅਜਿਹੀ ਗੱਲ ਕਰਦੇ ਹਨ ਤਾਂ ਸੰਗਤ ਨੂੰ ਸਮਝਾਉਣਾ ਸਾਡੇ ਲਈ ਜ਼ਰੂਰੀ ਬਣ ਜਾਂਦਾ ਹੈ। ਗੁਰੂ ਨਾਕ ਦੇਵ ਜੀ ਨੇ ਵੱਖ-ਵੱਖ ਧਰਮਾਂ ਅਤੇ ਮਜ਼੍ਹਬਾਂ ਦੇ ਲੋਕਾਂ ਨੂੰ ਇਕ ਨਾਲ ਜੋੜਿਆ। ਗਾਂਧੀ ਪਰਿਵਾਰ ਨੇ ਤਾਂ ਹਮੇਸ਼ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ।