ਚੰਡੀਗੜ੍ਹ:ਚੰਡੀਗੜ੍ਹ ਸੈਕਟਰ ਤੀਹ ਸਥਿਤ ਚੀਮਾ ਭਵਨ ਵਿਖੇ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ(Punjab Roadways Punbus Contract) ਵਰਕਰ ਯੂਨੀਅਨ ਵੱਲੋਂ ਪ੍ਰੈੱਸਵਾਰਤਾ ਕਰ ਸਰਕਾਰ ਖ਼ਿਲਾਫ਼ ਭੜਾਸ ਕੱਢੀ ਗਈ। ਇਸ ਦੌਰਾਨ ਪੰਜਾਬ ਰੋਡਵੇਜ਼ ਕੰਡਕਟਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ 2007 ਦੇ ਵਿਚ ਭਰਤੀ ਕੀਤਾ ਗਿਆ ਸੀ ਅਤੇ ਹੁਣ ਤੱਕ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਸਰਕਾਰ ‘ਤੇ ਸਵਾਲ ਚੁੱਕਦਿਆਂ ਇਹ ਵੀ ਕਿਹਾ ਕਿ ਜੋ ਜੀਐੱਸਟੀ ਉਹ ਠੇਕੇਦਾਰ ਨੂੰ ਦਿੰਦੇ ਹਨ ਜੇਕਰ ਸਰਕਾਰ ਸਿੱਧੀ ਭਰਤੀ ਕਰੇ ਤਾਂ ਉਸ ਜੀਐੱਸਟੀ ਦੇ ਪੈਸੇ ਨਾਲ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾ ਕੇ ਦਿੱਤੀਆਂ ਜਾ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੀ 28, 29, 30 ਤਰੀਕ ਨੂੰ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਹੈੇ।
ਉਨ੍ਹਾਂ ਨਾਲ ਹੀ ਸਰਕਾਰ ਨੂੰ ਇੱਕ ਹੋਰ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਫਿਰ ਵੀ ਨਾ ਮੰਨ੍ਹੀ ਤਾਂ ਉਹ ਮੋਤੀ ਮਹਿਲ ਦੇ ਬਾਹਰ ਭੁੱਖ ਹੜਤਾਲ ਤੇ ਬੈਠ ਜਾਣਗੇ। ਇਸ ਤੋਂ ਇਲਾਵਾ 19 ਅਤੇ 20 ਤਾਰੀਕ ਨੂੰ ਵੱਖ ਵੱਖ ਰੋਡਵੇਜ਼ ਯੂਨੀਅਨਾਂ ਦੇ ਨਾਲ ਮਿਲ ਕੇ ਸਾਂਝਾ ਪ੍ਰੋਗਰਾਮ ਮੋਤੀ ਮਹਿਲ ਨੂੰ ਘੇਰਨ ਦਾ ਉਲੀਕਿਆ ਗਿਆ ਹੈ।