ਜਾਣਕਾਰੀ ਦਿੰਦੇ ਹੋਏ ਬੀਜੇਪੀ ਇੰਟਲੈਕਚੁਅਲ ਸੈੱਲ ਦੇ ਸੂਬਾ ਕੋ-ਕਨਵੀਨਰ ਪ੍ਰੋਫ਼ੈਸਰ ਡਾਕਟਰ ਸਰਬਜੀਤ ਸਿੰਘ। ਚੰਡੀਗੜ੍ਹ (ਡੈਸਕ):ਅਕਾਸ਼ਵਾਣੀ ਦੇ ਖੇਤਰੀ ਨਿਊਜ਼ ਯੂਨਿਟ ਚੰਡੀਗੜ੍ਹ ਤੋਂ ਪ੍ਰਸਾਰਿਤ ਹੁੰਦੇ ਪੰਜਾਬੀ ਬੁਲੇਟਿਨ ਨੂੰ ਅਕਾਸ਼ਵਾਣੀ ਜਲੰਧਰ ਸ਼ਿਫਟ ਕਰਨ ਤੋਂ ਬਾਅਦ ਪੈਦਾ ਵਿਵਾਦ ਨਵਾਂ ਮੋੜ ਲੈ ਰਿਹਾ ਹੈ। ਲੰਘੇ ਦਿਨੀਂ ਇਸ ਬਾਬਤ ਖਬਰਾਂ ਲੱਗੀਆਂ ਸਨ ਕਿ ਪੰਜਾਬੀ ਦਾ ਬੁਲੇਟਿਨ ਚੰਡੀਗੜ੍ਹ ਤੋਂ ਜਲੰਧਰ ਭੇਜ ਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਬਿਆਨ ਹੇਠ ਕੁਝ ਖਬਰਾਂ ਵਿੱਚ ਇਸ ਸ਼ੰਕੇ ਦਾ ਵੀ ਜ਼ਿਕਰ ਸੀ ਕਿ ਇਸ ਨਾਲ ਪੰਜਾਬੀ ਭਾਸ਼ਾ ਨੂੰ ਧੱਕਾ ਲੱਗਾ ਹੈ।
ਇਸ ਸੰਬੰਧੀ ਬਿਆਨ ਜਾਰੀ ਕਰਦਿਆਂ ਭਾਰਤੀ ਜਨਤਾ ਪਾਰਟੀ ਇੰਟਲੈਕਚੁਅਲ ਸੈੱਲ ਦੇ ਸੂਬਾ ਕੋ-ਕਨਵੀਨਰ ਪ੍ਰੋਫ਼ੈਸਰ ਡਾਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਆਕਾਸ਼ਵਾਣੀ ਦਿੱਲੀ ਅਤੇ ਚੰਡੀਗੜ੍ਹ ਕੇਂਦਰਾਂ ਤੋਂ ਪੰਜਾਬੀ ਖਬਰਾਂ ਦੇ ਬੁਲੇਟਿਨਾਂ ਨੂੰ ਬੰਦ ਕਰਨ ਸੰਬੰਧੀ ਕੁੱਝ ਸਿਆਸੀ ਪਾਰਟੀਆਂ ਵਲੋਂ ਬਿਆਨ ਜਾਰੀ ਕਰਕੇ ਝੂਠਾ, ਗੁੰਮਰਾਹਕੁਨ ਅਤੇ ਅਸਲੀਅਤ ਤੋਂ ਪਰ੍ਹੇ ਵਾਲਾ ਕੰਮ ਕੀਤਾ ਜਾ ਰਿਹਾ ਹੈ। ਜਦੋਂ ਕਿ ਇਹ ਫੈਸਲਾ ਕਿਸੇ ਹੋਰ ਕਾਰਨ ਕਰਕੇ ਲਿਆ ਗਿਆ ਹੈ। ਬਿਨਾਂ ਸੋਚੇ ਸਮਝੇ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ।
ਪੰਜਾਬ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ :ਅੰਮ੍ਰਿਤਸਰ ਤੋਂ ਅੱਜ ਜਾਰੀ ਆਪਣੇ ਬਿਆਨ ਵਿੱਚ ਉਨਾਂ ਕਿਹਾ ਹੈ ਕਿ ਕਿ ਖਬਰਾਂ ਦੇ ਬੁਲੇਟਿਨਾਂ ਨੂੰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਵਿੱਚ ਸ਼ਿਫਟ ਕੀਤਾ ਗਿਆ ਹੈ, ਜਦੋਂ ਕਿ ਪ੍ਰਚਾਰਿਆ ਇਹ ਜਾ ਰਿਹਾ ਹੈ ਕਿ ਇਸਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨਖੇਧੀ ਕੀਤੀ ਹੈ ਕਿ ਕੁਝ ਸੌੜੇ ਹਿਤਾਂ ਵਾਲੇ ਲੋਕਾਂ ਵਲੋਂ ਤੱਥਾਂ ਦੀ ਘੋਖ ਕੀਤੇ ਬਿਨਾਂ ਹੀ ਮੀਡੀਆ ਵਿੱਚ ਗਲਤ ਬਿਆਨ ਜਾਰੀ ਕੀਤੇ ਜਾ ਰਹੇ ਹਨ। ਡਾਕਟਰ ਸਰਬਜੀਤ ਨੇ ਕਿਹਾ ਕਿ ਨਿਊਜ਼ ਸਰਵਿਸ ਡਵੀਜ਼ਨ ਨਵੀਂ ਦਿੱਲੀ ਨੇ ਖਬਰਾਂ ਨੂੰ ਆਕਾਸ਼ਵਾਣੀ ਕੇਂਦਰ ਜਲੰਧਰ ਸ਼ਿਫਟ ਕਰਨ ਦਾ ਫੈਸਲਾ ਪੰਜਾਬ ਦੇ ਹਿਤ ਨੂੰ ਧਿਆਨ ਵਿੱਚ ਰਖਦਿਆਂ ਹੀ ਲਿਆ ਹੈ। ਇਸ ਨੂੰ ਸਿਆਸੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੰਜਾਬੀ ਬੁਲੇਟਿਨਾਂ ਦੇ ਪ੍ਰਸਾਰਣ ਸਮੇਂ ਵਿੱਚ ਵੀ ਕੋਈ ਫੇਰਬਦਲ ਨਹੀਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਦੌਰ ਵਿੱਚ ਆਰ ਐਨ ਯੂ ਜਲੰਧਰ ਇੱਕ ਦਿਨ ਵਿੱਚ ਪੰਜ ਪੰਜਾਬੀ ਬੁਲੇਟਿਨ ਅਤੇ ਚਾਰ ਐਫਐਮਐਚਐਲ ਪ੍ਰਸਾਰਿਤ ਕਰ ਰਿਹਾ ਹੈ। ਚੰਡੀਗੜ੍ਹ ਤੋਂ ਸ਼ਿਫਟ ਕੀਤੇ ਗਏ ਦੋ ਬੁਲੇਟਿਨਾਂ ਨੂੰ ਚੰਡੀਗੜ੍ਹ ਦੇ ਪ੍ਰਾਇਮਰੀ ਚੈਨਲ, ਐੱਫ.ਐੱਮ. 'ਤੇ ਪ੍ਰਸਾਰਿਤ ਕਰਨ ਲਈ ਵਰਤਿਆ ਗਿਆ ਸੀ। ਹੁਣ ਉਹ ਚੰਡੀਗੜ੍ਹ ਅਤੇ ਜਲੰਧਰ ਦੇ ਪ੍ਰਾਇਮਰੀ ਚੈਨਲ ਐੱਫ.ਐੱਮ.ਚੈਨਲ 'ਤੇ ਹਨ। ਐਨਐਸਡੀ ਦੇ ਤਿੰਨ ਬੁਲੇਟਿਨ ਪਹਿਲਾਂ ਦਿੱਲੀ ਦੇ ਪ੍ਰਾਇਮਰੀ ਚੈਨਲ ਅਤੇ ਇੰਦਰਪ੍ਰਸਥ ਚੈਨਲ 'ਤੇ ਸਨ ਜਦੋਂਕਿ ਹੁਣ ਇਹ ਜਲੰਧਰ ਦੇ ਪ੍ਰਾਇਮਰੀ ਚੈਨਲ, ਇੰਦਰਪ੍ਰਸਥ ਅਤੇ ਐੱਫ.ਐੱਮ. ਚੈਨਲਾਂ 'ਤੇ ਚੱਲ ਰਹੇ ਹਨ।