ਚੰਡੀਗੜ੍ਹ ਡੈਸਕ :ਅਸਲ ਵਿੱਚ ਸ਼ਾਇਦ ਇਹ ਬੰਦੇ ਦੀ ਬਣਤਰ ਵਿੱਚ ਹੀ ਹੈ ਕਿ ਉਸਨੂੰ ਕੁੱਝ ਵੀ ਚੇਤਾ ਨਹੀਂ ਭੁੱਲਦਾ। ਬੰਦਾ ਆਪਣੇ ਨਾਲ ਵਾਪਰਿਆ ਚੰਗਾ ਤੇ ਮਾੜਾ ਸਾਰਾ ਕੁੱਝ ਯਾਦ ਰੱਖਦਾ ਹੈ। ਜੇ ਕਿਤੇ ਬਹੁਤ ਹੀ ਜ਼ਿਆਦਾ ਬੁਰਾ ਹੋਇਆ ਹੋਵੇ ਤਾਂ ਕਚੀਚੀਆਂ (Cheta Sing Film Review) ਵੱਟਦਾ ਬੁਰਾ ਕਰਨ ਵਾਲੇ ਦੇ ਗਲੇ ਦਾਂ ਕਾਂ ਪਲਾਸ ਨਾਲ ਕੱਢਣੋਂ ਵੀ ਪਿੱਛੇ ਨਹੀਂ ਹਟਦਾ ਅਤੇ ਬੰਦਾ ਆਪਣੇ ਜ਼ਖਮਾਂ ਦਾ ਬਦਲਾ...ਦੁਸ਼ਮਣ ਦੀਆਂ ਨਾੜਾਂ ਵਿੱਚ ਮਿਰਚਾ ਵਾਲੀ ਚਟਣੀ ਘੋਟ ਕੇ ਲੈਂਦਾ ਹੈ। ਇਹੀ ਕਚੀਚੀ ਚੇਤਾ ਸਿੰਘ ਵੀ ਲੈਂਦਾ ਹੈ ਕਿ ਸੂਰਜ਼ ਚੱਬ ਕੇ ਸੁੱਟਣ ਨੂੰ ਜੀਅ ਕਰਦਾ ਹੈ। ਗੱਲ ਕਰ ਰਹੇ ਹਾਂ ਨਵੀਂ ਪੰਜਾਬੀ ਫਿਲਮ ਚੇਤਾ ਸਿੰਘ ਦੀ। ਚੇਤਾ ਸਿੰਘ ਇਸ ਵਾਰ ਪੰਜਾਬੀ ਫਿਲਮ ਇੰਡਸਟਰੀ ਨੂੰ ਨਵੇਂ ਰਾਹ ਪਾਉਣ ਦਾ ਸੱਦਾ ਦੇਣ ਦੇ ਨਾਲ-ਨਾਲ ਸਮਾਜ ਦੀਆਂ ਰਗਾਂ ਵਿੱਚ ਜ਼ਹਿਰ ਘੋਲਣ ਵਾਲੇ ਲੋਕਾਂ ਲਈ ਵਾਰਨਿੰਗ ਵੀ ਦੇ ਰਹੀ ਹੈ। ਆਓ ਪੜ੍ਹਦੇ ਹਾਂ ਇਸ ਫਿਲਮ ਦੀ ਚਾਰੇ ਪਾਸੇ ਚਰਚਾ ਕਿਉਂ ਹੋ ਰਹੀ ਹੈ....
ਕਹਾਣੀ ਕੀ ਹੈ: ਦਰਅਸਲ, ਕਹਾਣੀ ਬੱਚਿਆਂ ਨੂੰ ਸਲੇਬਸ ਵਾਲੀਆਂ ਤੇ ਵੱਡਿਆਂ ਨੂੰ ਚਾਅ ਨਾਲ ਗੁਰਦਿਆਲ ਸਿੰਘ ਦੇ ਨਾਵਲ ਪਰਸਾ ਵਰਗੀਆਂ ਕਿਤਾਬਾਂ ਵੇਚਣ ਵਾਲੇ ਸਾਊ ਜਿਹੇ ਨੌਜਵਾਨ ਪਾਲਾ (Actor Prince Kanwaljit)ਤੋਂ ਸ਼ੁਰੂ ਹੁੰਦੀ ਹੈ। ਕਹਾਣੀ ਪਿੰਡ ਦੇ ਸਰਪੰਚ ਤੇ ਪੀਟੀ ਮਾਸਟਰ ਦੀਆਂ ਕਰਤੂਤਾਂ ਤੋਂ ਬਾਅਦ ਇਸੇ ਸਾਊ ਮੁੰਡੇ ਦੇ ਖੂੰਖਾਰ ਅਪਰਾਧੀ ਬਣਨ ਦੁਆਲੇ ਬੁਣੀ ਕੜੀ ਹੋਈ ਹੈ। ਸਰਪੰਚ ਪਿੰਡ ਵਿੱਚ ਨਕਲੀ ਪਲਾਜ਼ਮਾ ਬਣਾਉਣ ਵਾਲਿਆਂ ਨੂੰ ਸ਼ਹਿ ਦਿੰਦਾ ਹੈ ਤੇ ਪੀਟੀ ਮਾਸਟਰ ਸਕੂਲ ਦੀਆਂ ਕੁੜੀਆਂ ਦੀਆਂ ਅਸ਼ਲੀਲ ਵੀਡੀਓਜ਼ ਬਣਾ ਕੇ ਸਰਪੰਚ ਦੇ ਮੁੰਡੇ ਰਾਹੀਂ ਨੈੱਟ ਉੱਤੇ ਪਾਉਂਦਾ ਰਹਿੰਦਾ ਹੈ। ਇਹੀ ਸਰਪੰਚ ਦਾ ਮੁੰਡਾ ਮੁੱਖ ਕਿਰਦਾਰ ਚੇਤਾ ਸਿੰਘ ਯਾਨੀ ਕਿ ਪਾਲੇ ਦੇ ਪਿਆਰ ਉੱਤੇ ਵੀ ਗਲਤ ਨਜ਼ਰ ਰੱਖਦਾ ਹੈ।
ਪੀਟੀ ਮਾਸਟਰ ਦੀਆਂ ਸਕੂਲ ਵਿੱਚ ਬਣਾਈਆਂ ਅਸ਼ਲੀਲ ਵੀਡੀਓਜ਼ ਕਾਰਨ ਪਿੰਡ ਵਿੱਚ ਕੁੜੀਆਂ ਖੁਦਕੁਸ਼ੀਆਂ ਕਰਦੀਆਂ ਹਨ। ਨਿੰਮੀ ਵੱਲੋਂ ਸਕੂਲ ਵਿੱਚ ਪੀਟੀ ਮਾਸਟਰ ਦੀ ਕਰੂਤਤ ਦੇਖ ਲਏ ਜਾਣ ਦੀ ਸ਼ਿਕਾਇਤ ਪਾਲੇ ਨੂੰ ਕੀਤੀ ਜਾਂਦੀ ਹੈ ਤੇ ਪਾਲਾ ਨਿੰਮੀ ਨੂੰ ਨਾਲ ਲੈ ਸਰਪੰਚ ਕੋਲ ਜਾਂਦਾ ਹੈ। ਇਹੀ ਜਾਣਾ ਪਾਲੇ ਨੂੰ ਮਹਿੰਗਾ ਪੈਂਦਾ ਹੈ। ਸਰਪੰਚ ਦਾ ਮੁੰਡਾ ਪਾਲੇ ਨਾਲ ਬੁਰੀ ਤਰ੍ਹਾਂ ਮਾਰ ਕੁਟਾਈ ਕਰਦਾ ਹੈ ਤੇ ਉਸਦੇ ਦੋਸਤ ਪਾਲੇ ਦੇ ਸਾਹਮਣੇ ਹੀ ਨਿੰਮੀ ਨਾਲ ਬਲਾਤਕਾਰ ਕਰਦੇ ਹਨ। (Cheta Sing Film Review) ਕੁੱਟਮਾਰ ਵੇਲੇ ਸਰਪੰਚ ਦਾ ਮੁੰਡਾ ਇਹ ਵੀ ਕਹਿੰਦਾ ਹੈ ਕਿ ਉਹ ਉਸਦੇ ਪਿਆਰ ਨਾਲ ਵਿਆਹ ਤੋਂ ਪਹਿਲਾਂ ਹੀ ਰੇਪ ਕਰ ਚੁੱਕਾ ਹੈ। ਇਸ ਤੋਂ ਬਾਅਦ ਉਹ ਪਾਲੇ ਨੂੰ ਜ਼ਖਮੀ ਹਾਲਤ ਵਿੱਚ ਅੱਧਮਰਿਆ ਕਰਕੇ ਨਹਿਰ ਵਿੱਚ ਸੁੱਟ ਆਉਂਦੇ ਹਨ। ਪਾਲਾ ਇਕ ਬਜੁਰਗ ਵਿਅਕਤੀ ਦੀ ਮਦਦ ਨਾਲ ਬਚ ਜਾਂਦਾ ਹੈ ਪਰ ਉਸਨੂੰ ਪਿਛਲਾ ਸਾਰਾ ਕੁੱਝ ਭੁੱਲ ਜਾਂਦਾ ਹੈ। ਇੱਕ ਦਿਨ ਸਮਾਂ ਪਾ ਕੇ ਪਾਲੇ ਨੂੰ ਸਾਰਾ ਕੁੱਝ ਯਾਦ ਆਉਂਦਾ ਹੈ ਤੇ ਇੱਥੋਂ ਹੀ ਪਾਲੇ ਦੇ ਖੂੰਖਾਰ ਚੇਤਾ ਸਿੰਘ ਬਣਨ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ।