ਬਠਿੰਡਾ:ਭਗਵੰਤ ਮਾਨ ਸਰਕਾਰ ਨੂੰ ਬਣੇ ਨੂੰ ਕਰੀਬ ਡੇਢ ਸਾਲ ਦਾ ਸਮਾਂ ਬੀਤ ਚੁੱਕਿਆ ਹੈ। ਇਨ੍ਹਾਂ ਡੇਢ ਸਾਲ ਦੇ ਸਮੇਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਪੂਰਾ ਨਾ ਕੀਤੇ ਜਾਣ ਦੇ ਰੋਸ ਵਜੋਂ ਰੈਵਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਵਾਧੂ ਕੰਮ ਕਰਨ ਤੋਂ ਇਨਕਾਰ ਕਰਦਿਆਂ ਕਲਮ ਛੋੜ ਹੜਤਾਲ ਕੀਤੀ ਜਾ ਰਹੀ ਹੈ।
ਸਰਕਾਰ ਮੰਗਾਂ ਵੱਲ ਧਿਆਨ ਨਹੀਂ ਦੇਣਾ ਚਾਹੁੰਦੀ: ਯੂਨੀਅਨ ਦੇ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਹੜਤਾਲ ਸਬੰਧੀ ਪਹਿਲਾਂ ਹੀ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਸੀ ਤੇ ਸਰਕਾਰ ਵੱਲੋਂ ਉਨ੍ਹਾਂ ਨੂੰ 30 ਅਗਸਤ ਨੂੰ ਬੈਠਕ ਲਈ ਬੁਲਾਇਆ ਗਿਆ ਸੀ। ਪਰ ਬਾਅਦ ਵਿੱਚ 30 ਅਗਸਤ ਦੀ ਬੈਠਕ ਦਾ ਸਮਾਂ ਤਬਦੀਲ ਕਰਦੇ ਹੋਏ, 31 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ ਨੁਮਾਇੰਦਾ ਵਲੋਂ ਚੰਡੀਗੜ੍ਹ ਬੁਲਾਇਆ ਗਿਆ ਸੀ, ਪਰ ਅਖੀਰ ਵਿੱਚ ਆ ਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਵੱਲੋਂ ਉਨ੍ਹਾਂ ਨਾਲ ਬੈਠਕ ਰੱਦ ਕਰ ਦਿੱਤੀ। ਜਿਸ ਤੋਂ ਸਾਫ਼ ਜਾਹਿਰ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇਣਾ ਚਾਹੁੰਦੀ।
ਮਨਰੇਗਾ ਦਿਹਾੜੀਦਾਰਾਂ ਤੋਂ ਵੀ ਘੱਟ ਦਿਹਾੜੀ ਉੱਤੇ ਨੌਕਰੀ ਕਰ ਲਈ ਮਜ਼ਬੂਰ:ਇਸ ਦੌਰਾਨ ਹੀ ਹਰਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ 4716 ਸਰਕਲ ਹਨ ਅਤੇ 3 ਹਜ਼ਾਰ ਸਰਕਲ ਖਾਲੀ ਦਾ ਬੋਝ 1500 ਦੇ ਕਰੀਬ ਸਰਕਲ ਇੰਚਾਰਜ ਉੱਤੇ ਪਾਇਆ ਹੋਇਆ ਹੈ ਅਤੇ ਨਵੇਂ ਭਾਰਤੀ ਕੀਤੇ ਗਏ ਪਟਵਾਰੀਆਂ ਨੂੰ ਕਰੀਬ 5 ਹਜ਼ਾਰ ਮਹੀਨਾ ਦਿੱਤਾ ਜਾ ਰਿਹਾ ਹੈ। ਜੋ ਕਿ ਮਨਰੇਗਾ ਦੇ ਦਿਹਾੜੀਦਾਰਾਂ ਤੋਂ ਵੀ ਘੱਟ ਦਿਹਾੜੀ ਉੱਤੇ 167 ਰੁਪਏ ਵਿੱਚ ਨੌਕਰੀ ਕਰ ਲਈ ਮਜ਼ਬੂਰ ਹਨ। ਹਰਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਦੀ ਯੂਨੀਅਨ ਵਾਲੇ ਵਾਅਦਾ ਕੀਤਾ ਸੀ ਕਿ 5000 ਰੁਪਏ ਦੀ ਥਾਂ ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ 19,900 ਰੁਪਏ ਪੇਸ਼ੇਲ ਦਿੱਤਾ ਜਾਵੇਗਾ। ਪਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਟ੍ਰੇਨਿੰਗ ਦੌਰਾਨ ਹੀ 400 ਦੇ ਕਰੀਬ ਨੌਜਵਾਨ ਨੌਕਰੀ ਛੱਡ ਕੇ ਚਲੇ ਗਏ।
ਨਵ-ਨਿਯੁਕਤ ਪਟਵਾਰੀਆਂ ਦਾ ਸ਼ੋਸ਼ਣ: ਹਰਬੀਰ ਸਿੰਘ ਢੀਂਡਸਾ ਨੇ ਕਿਹਾ ਕਾਂਗਰਸ ਸਰਕਾਰ ਵੇਲੇ 1090 ਪਟਵਾਰੀਆਂ ਦੀ ਭਰਤੀ ਖੋਲ੍ਹੀ ਗਈ ਸੀ ਜੋ ਕਿ ਭਗਵੰਤ ਮਾਨ ਸਰਕਾਰ ਵੱਲੋਂ ਭਰਤੀ ਕੀਤੇ ਗਏ ਸਨ। ਪਰ ਸਰਕਾਰ ਵੱਲੋਂ ਇਹਨਾਂ ਨਵ-ਨਿਯੁਕਤ ਪਟਵਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਕਰੀਬ 5 ਹਜ਼ਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ। ਜਿਸ ਦੀ ਇਕ ਦਿਨ ਦੀ ਦਿਹਾੜੀ 167 ਰੁਪਏ ਬਣਦੀ ਹੈ। ਸਰਕਾਰ ਵੱਲੋਂ 4716 ਸਰਕਕਲਾਂ ਦਾ ਕੰਮ 1500 ਦੇ ਕਰੀਬ ਸਰਕਲ ਇੰਚਾਰਜ ਤੋਂ ਲਿਆ ਜਾ ਰਿਹਾ ਹੈ, ਜੋ ਕਿ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੈ। ਹੁਣ ਜਦੋਂ ਉਹਨਾਂ ਵੱਲੋਂ ਆਪਣੇ ਹੱਥੀਂ ਮੰਗਾਂ ਲਈ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਤਾਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਇਸ ਪ੍ਰਦਰਸ਼ਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਭ੍ਰਿਸ਼ਟਾਚਾਰ ਨਾਲ ਜੋੜ ਤਾਰੋ ਪੀੜ ਕਰਨ ਦੀ ਸਾਜ਼ਿਸ਼ ਰਚ ਗਈ।