ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਸੂਬੇ ਦੇ ਮਾਲ ਵਿਭਾਗ ਦੀਆਂ ਬਹੁਤੀਆਂ ਸੇਵਾਵਾਂ ਆਨਲਾਈਨ ਹੋ ਚੁੱਕੀਆਂ ਹਨ। ਜਿਹੜੇ ਕੰਮਾਂ ਲਈ ਲੋਕਾਂ ਨੂੰ ਪਹਿਲਾਂ ਲੁੱਟ-ਖਸੁੱਟ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਸਰਕਾਰੀ ਦਫਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ ਉਨ੍ਹਾਂ ‘ਚੋਂ ਬਹੁਤੀਆਂ ਸੇਵਾਵਾਂ ਹੁਣ ਆਨ ਲਾਈਨ ਘਰ ਬੈਠੇ ਪ੍ਰਾਪਤ ਕੀਤੀਆਂ ਜਾ ਸਕੀਆਂ ਹਨ। ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਭ੍ਰਿਸ਼ਟਾਚਾਰ ਖਿਲਾਫ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦੀ ਕਾਰਗੁਜ਼ਾਰੀ ਤੋਂ ਵੀ ਲੋਕ ਅੰਤਾਂ ਦੇ ਨਿਰਾਸ਼ ਅਤੇ ਦੁਖੀ ਸਨ ਪਰ ਹੁਣ ਬਹੁਤ ਸਾਰੀਆਂ ਸੇਵਾਵਾਂ ਆਨ ਲਾਈਨ ਹੋਣ ਨਾਲ ਲੋਕਾਂ ਦੇ ਕੰਮ ਬਿਨਾਂ ਰਿਸ਼ਵਤ ਅਤੇ ਸਿਫਾਰਿਸ਼ ਦੇ ਹੋ ਰਹੇ ਹਨ। (Revenue Department Go Online)
ਘਰ ਬੈਠੇ ਕੋਰੀਅਰ ਰਾਹੀਂ ਫਰਦ ਮੰਗਵਾਓ:ਉਨ੍ਹਾਂ ਦੱਸਿਆ ਕਿ ਪਹਿਲਾਂ ਲੋਕਾਂ ਨੂੰ ਫਰਦ ਲੈਣ ਲਈ ਖੁਦ ਸਰਕਾਰੀ ਦਫਤਰ ਵਿਚ ਜਾਣਾ ਪੈਂਦਾ ਸੀ ਪਰ ਹੁਣ ਘਰ ਬੈਠੇ ਕੋਰੀਅਰ ਰਾਹੀਂ ਫਰਦ ਮੰਗਵਾਈ ਜਾ ਸਕਦੀ ਹੈ। ਪੰਜਾਬ ਸਰਕਾਰ ਦੀ ਵੈੱਬਸਾਈਟ https://jamabandi.punjab.gov.in ‘ਤੇ ਜਾ ਕੇ ਆਨਲਾਈਨ ਫਰਦ ਵਾਲੇ ਲਿੰਕ ਨੂੰ ਕਲਿੱਕ ਕਰਕੇ ਦੱਸੇ ਪਤੇ ‘ਤੇ ਫਰਦ ਮੰਗਵਾਈ ਜਾ ਸਕਦੀ ਹੈ। ਇਸ ਕੰਮ ਲਈ ਪ੍ਰਤੀ ਪੰਨਾ 20 ਰੁਪਏ ਸਰਕਾਰੀ ਫੀਸ ਅਤੇ 5 ਰੁਪਏ ਸਹੂਲਤ ਫੀਸ ਹੈ। ਇਸ ਤੋਂ ਇਲਾਵਾ ਜੇਕਰ ਪੰਜਾਬ ਦੇ ਕਿਸੇ ਪਿੰਡ/ਕਸਬੇ/ਸ਼ਹਿਰ ਵਿਚ ਕੋਰੀਅਰ ਰਾਹੀਂ ਫਰਦ ਮੰਗਵਾਉਣੀ ਹੈ ਤਾਂ 100 ਰੁਪਏ ਅਤੇ ਪੰਜਾਬ ਤੋਂ ਬਾਹਰਲੇ ਪਤੇ ਲਈ 200 ਰੁਪਏ ਫੀਸ ਲਈ ਜਾਂਦੀ ਹੈ। ਇਹ ਫੀਸ ਆਨਲਾਈਨ ਹੀ ਭਰੀ ਜਾ ਸਕੀ ਹੈ। ਜੇਕਰ ਕੋਈ ਵਿਅਕਤੀ ਫਰਦ ਦੀ ਕਾਪੀ ਈਮੇਲ ‘ਤੇ ਮੰਗਵਾਉਣਾ ਚਾਹੁੰਦਾ ਹੈ ਤਾਂ ਉਸ ਦੇ 50 ਰੁਪਏ ਅਲੱਗ ਲਏ ਜਾਂਦੇ ਹਨ। ਈਮੇਲ ਰਾਹੀਂ ਮੰਗਵਾਈ ਫਰਦ 3 ਕੰਮਕਾਰ ਵਾਲੇ ਦਿਨਾਂ ਅਤੇ ਕੋਰੀਅਰ ਰਾਹੀਂ ਮੰਗਵਾਈ ਫਰਦ 7 ਦਿਨਾਂ ਅੰਦਰ ਦੱਸੇ ਪਤੇ ‘ਤੇ ਪਹੁੰਚ ਜਾਂਦੀ ਹੈ।
ਖੁੱਜਲ-ਖੁਆਰੀ ਘਟੀ ਤੇ ਰਿਸ਼ਵਤਖੋਰੀ ਨੂੰ ਠੱਲ੍ਹ:ਜਿੰਪਾ ਨੇ ਕਿਹਾ ਕਿ ਮਾਲ ਵਿਭਾਗ ਦੇ ਦਫਤਰਾਂ ਵਿਚ ਆਉਣ ਵਾਲੇ ਬਹੁਤੇ ਲੋਕ ਜਾਂ ਤਾਂ ਫਰਦਾਂ ਲੈਣ ਵਾਲੇ ਹੁੰਦੇ ਹਨ ਜਾਂ 100-200 ਰੁਪਏ ਦੇ ਸਟੈਂਪ ਪੇਪਰ ਖਰੀਦਣ ਵਾਲੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਘਰਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਦੇ ਆਪਣੇ ਵਾਅਦੇ ਮੁਤਾਬਕ ਹੀ ਫਰਦਾਂ ਦੀ ਹੋਮ ਡਿਲੀਵਰੀ ਅਤੇ 500 ਰੁਪਏ ਤੱਕ ਦੇ ਈ-ਸਟੈਂਪ ਪੇਪਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਦੀ ਖੁੱਜਲ-ਖੁਆਰੀ ਘਟੀ ਹੈ ਉੱਥੇ ਹੀ ਰਿਸ਼ਵਤਖੋਰੀ ਨੂੰ ਵੀ ਠੱਲ੍ਹ ਪਈ ਹੈ।
ਆਨਲਾਈਨ ਖਰੀਦਿਆ ਜਾ ਸਕਦਾ ਸਟੈਂਪ ਪੇਪਰ: ਉਨ੍ਹਾਂ ਅੱਗੇ ਦੱਸਿਆ ਕਿ 500 ਰੁਪਏ ਤੱਕ ਦੇ ਈ-ਸਟੈਂਪ ਪੇਪਰ https://www.shcilestamp.com ਵੈੱਬਸਾਈਟ ਰਾਹੀਂ ਖਰੀਦੇ ਜਾ ਸਕਦੇ ਹਨ। ਇਸ ਵੈੱਬਸਾਈਟ ਦੇ ਹੋਮਪੇਜ਼ ‘ਤੇ ਆਨਲਾਈਨ ਪੇਮੈਂਟ ਵਾਲੇ ਲਿੰਕ ਨੂੰ ਕਲਿੱਕ ਕਰਕੇ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ 500 ਰੁਪਏ ਤੱਕ ਦਾ ਕੋਈ ਵੀ ਸਟੈਂਪ ਪੇਪਰ ਖਰੀਦਿਆਂ ਜਾ ਸਕਦਾ ਹੈ।