ਚੰਡੀਗੜ੍ਹ: ਪੰਜਾਬ ਸਰਕਾਰ ਦਾ ਮਾਨਸੂਨ ਸੈਸ਼ਨ ਸ਼ੁੱਕਰਵਾਰ ਦੁਪਹਿਰ 2 ਵਜੇ ਸ਼ੁਰੂ ਹੋਇਆ। ਸਦਨ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਛੜੀਆਂ ਰੂਹਾਂ ਵਿੱਚ ਫ਼ਤਿਹਵੀਰ ਸਿੰਘ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਨਾਂਅ ਸਭ ਤੋਂ ਉੱਤੇ ਸੀ। ਸਦਨ ਵੱਲੋਂ ਸਰਵ ਸੰਮਤੀ ਨਾਲ ਸਾਰੇ ਹਾਊਸ ਨੇ ਇਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਸ਼ੀਲਾ ਦੀਕਸ਼ਿਤ ਤੋਂ ਇਲਾਵਾ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਕਟਾਰੀਆ, ਬਠਿੰਡਾ ਤੋਂ ਸਾਂਸਦ ਰਹੇ ਕਿੱਕਰ ਸਿੰਘ, ਸਾਬਕਾ ਮੰਤਰੀ ਹਮੀਰ ਸਿੰਘ ਘੱਗਾ, ਚੌਧਰੀ ਨੰਦ ਲਾਲ ਅਤੇ ਕਾਮਰੇਡ ਬਲਵੰਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਇਲਾਵਾ ਸੰਯੁਕਤ ਪੰਜਾਬ ਵਿੱਚ ਹਿਸਾਰ ਤੋਂ ਵਿਧਾਇਕ ਰਹੀ ਸਨੇਹ ਲਤਾ, ਸਾਬਕਾ ਵਿਧਾਇਕ ਪਰਮਜੀਤ ਸਿੰਘ, ਕਰਨੈਲ ਸਿੰਘ ਡੋਡ, ਆਜ਼ਾਦੀ ਘੁਲਾਟੀਏ ਗੁਰਮੇਜ ਸਿੰਘ, ਕੁਲਵੰਤ ਸਿੰਘ, ਈਸ਼ਰ ਸਿੰਘ, ਉਜਾਗਰ ਸਿੰਘ, ਜੰਗੀਰ ਸਿੰਘ, ਸੰਤਾ ਸਿੰਘ ਜਥੇਦਾਰ ਲਖਵੀਰ ਸਮੇਤ ਹੋਰ ਵੀ ਕਈ ਨਾਂਅ ਸ਼ਰਧਾਂਜਲੀ ਦੀ ਸੂਚੀ ਵਿੱਚ ਦਰਜ ਕੀਤੇ ਗਏ ਸਨ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਮੰਗ ਕੀਤੀ ਹੈ ਕਿ ਸ਼ਰਧਾਂਜਲੀਆਂ ਵਿੱਚ ਖ਼ੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਨਾਂਅ ਵੀ ਦਰਜ ਕਰਨੇ ਚਾਹੀਦੇ ਹਨ।