ਚੰਡੀਗੜ੍ਹ: ਪੰਜਾਬ ਦੇ ਤਿੰਨੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਹਰ ਦਿਨ ਘਟਦਾ ਜਾ ਰਿਹਾ ਹੈ। ਪਾਣੀ ਦੇ ਗੰਭੀਰ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਚੰਡੀਗੜ੍ਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ ਪਾਰਟੀ ਮੀਟਿੰਗ ਸੱਦੀ। ਮੀਟਿੰਗ ਦੌਰਾਨ ਪੰਜਾਬ ਵਿੱਚ ਪਾਣੀ ਦੇ ਸੰਕਟ ਦੇ ਮਾਮਲੇ ਉੱਤੇ ਸਾਰੀਆਂ ਪਾਰਟੀਆਂ ਨੇ ਪੂਰੀ ਇੱਕਜੁਟਤਾ ਵਿਖਾਉਂਦੇ ਹੋਏ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਹੈ ਤੇ ਇਹ ਮਾਮਲਾ ਬੇਹੱਦ ਨਿਆਂਪੂਰਨ ਤਰੀਕੇ ਹੱਲ ਕੀਤਾ ਜਾਣਾ ਚਾਹੀਦਾ ਹੈ।
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਰਾਜਸਥਾਨ ਤੋਂ ਪਾਣੀ ਦੇ ਬਦਲੇ ਪੈਸੇ ਨਹੀਂ ਲੈ ਸਕਦਾ। ਕਿਉਂਕਿ ਜਦੋਂ ਰਾਜਸਥਾਨ ਦੇ ਨਾਲ ਸਮਝੌਤਾ ਹੋਇਆ ਸੀ ਤਾਂ ਉਸ ਵਕਤ ਇਹ ਫ਼ੈਸਲਾ ਹੋਇਆ ਸੀ ਕਿ ਪਾਣੀ ਦੇ ਪੈਸੇ ਨਹੀਂ ਲਏ ਜਾਣਗੇ। ਕੈਪਟਨ ਨੇ ਕਿਹਾ ਕਿ 1967 ਦੇ ਵਿੱਚ ਗੁਲਜ਼ਾਰੀ ਲਾਲ ਨੰਦਾ ਵੱਲੋਂ ਕੀਤੇ ਗਏ ਐਗਰੀਮੈਂਟ ਤਹਿਤ ਪਾਣੀ ਦੀ ਕੀਮਤ ਨਹੀਂ ਵਸੂਲੀ ਜਾ ਸਕਦੀ। ਉਨ੍ਹਾਂ ਕਿਹਾ ਕਿ 73 ਫ਼ੀਸਦੀ ਜ਼ਮੀਨ ਦਾ ਪਾਣੀ ਹੈ ਤੇ 27 ਫ਼ੀਸਦੀ ਨਹਿਰੀ ਪਾਣੀ ਹੈ, ਉਸ ਨੂੰ ਕਿਵੇਂ ਠੀਕ ਕੀਤਾ ਜਾਵੇਗਾ ਇਸ ਸਬੰਧੀ ਚਰਚਾ ਕੀਤੀ ਗਈ।
ਪੰਜਾਬ ਦੇ ਵਿੱਚ ਸਰਪਲੱਸ ਪਾਣੀ ਨਹੀਂ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ ਅੱਜ ਚੰਡੀਗੜ੍ਹ ਵਿਖੇ ਕਿਹਾ ਗਿਆ ਕਿ ਅਸੀਂ ਕੋਰਟ ਵਿੱਚੋਂ ਕੇਸ ਜਿੱਤੇ ਹੋਏ ਹਨ ਤੇ ਪਾਣੀ ਸਾਨੂੰ ਮਿਲੇਗਾ। ਇਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵੇਲੇ ਪੰਜਾਬ ਦੇ ਹਾਲਾਤ ਕੁਝ ਹੋਰ ਸਨ ਅੱਜ ਪੰਜਾਬ ਦੇ ਵਿੱਚ ਪਾਣੀਆਂ ਦੇ ਹਾਲਾਤ ਕੁਝ ਹੋਰ ਹਨ। ਕੈਪਟਨ ਨੇ ਸਾਫ ਤੌਰ 'ਤੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਸਰਪਲੱਸ ਪਾਣੀ ਨਹੀਂ ਹੈ।
Resolution passed on water issue in Punjab ਪੰਜਾਬ ਵਿੱਚ ਪਾਣੀ ਦਾ ਗੰਭੀਰ ਸੰਕਟ
ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ 'ਚ ਇਸ ਵੇਲੇ ਪਾਣੀ ਦਾ ਗੰਭੀਰ ਸੰਕਟ ਚੱਲ ਰਿਹਾ ਹੈ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਨਿੱਤ ਨੀਵਾਂ ਹੁੰਦਾ ਜਾ ਰਿਹਾ ਹੈ ਅਤੇ ਸੂਬੇ ਦੇ ਤਿੰਨ ਦਰਿਆਵਾਂ ਸਤਲੁਜ, ਰਾਵੀ ਤੇ ਬਿਆਸ ਵਿੱਚ ਪਾਣੀ ਘੱਟਦਾ ਜਾ ਰਿਹਾ ਹੈ। ਉੱਥੇ ਹੀ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਣੀ ਦੇ ਮੁੱਦੇ 'ਤੇ ਭੁਪਿੰਦਰ ਹੁੱਡਾ ਨੇ ਕੀ ਕਿਹਾ ਜਾਂ ਕੀ ਨਹੀਂ ਉਸ ਦਾ ਉਹ ਕੋਈ ਜਵਾਬ ਨਹੀਂ ਦੇਣਾ ਚਾਹੁੰਦੇ।
ਬੈਂਸ ਨੇ ਲਾਇਆ ਧਰਨਾ, ਕਿਹਾ ਪੰਜਾਬ ਬਣ ਜਾਵੇਗਾ ਰੇਗਿਸਤਾਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਬਪਾਰਟੀ ਮੀਟਿੰਗ ਵਿੱਚ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਦੀ ਪਾਰਟੀ ਨੂੰ ਸੱਦਾ ਨਾ ਭੇਜਣ ਤੋਂ ਨਾਰਾਜ਼ ਬੈਂਸ ਨੇ ਮੀਟਿੰਗ ਵਾਲੀ ਥਾਂ ਦੇ ਬਾਹਰ ਇਸ ਦਾ ਵਿਰੋਧ ਕੀਤਾ। ਬੈਂਸ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪਾਣੀ ਦੇ ਮੁੱਦੇ 'ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭੂਜਲ ਨੂੰ ਰਿਵਾਇਵ ਕਰਨ ਲਈ ਕੇਂਦਰੀ ਪੱਧਰ 'ਤੇ ਬਣੀ 6000 ਕਰੋੜ ਰੁਪਏ ਦੀ ਅਟਲ ਭੂਜਲ ਯੋਜਨਾ ਤੋਂ ਪੰਜਾਬ ਨੂੰ ਬਾਹਰ ਕਰ ਦਿੱਤਾ ਹੈ ਜਦਕਿ ਪੂਰੇ ਦੇਸ਼ ਵਿਚ ਸਭ ਤੋਂ ਜ਼ਿਆਦਾ ਭੂਜਲ ਪੰਜਾਬ ਦੀ ਚਰਚਾ ਹੋ ਰਹੀ ਹੈ। ਸਾਡਾ 69 ਫੀਸਦੀ ਪਾਣੀ ਕੱਢਿਆ ਜਾ ਚੁੱਕਾ ਹੈ ਅਤੇ ਪੰਜਾਬ ਤੇਜ਼ੀ ਨਾਲ ਰੇਗਿਸਤਾਨ ਬਣਨ ਵੱਲ ਵੱਧ ਰਿਹਾ ਹੈ। ਬੈਂਸ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਦੀ ਨਾਰਾਜ਼ਗੀ ਉਨ੍ਹਾਂ ਨਾਲ ਹੋ ਸਕਦੀ ਹੈ ਪਰ ਪੰਜਾਬ ਦੇ ਮਸਲਿਆਂ ਨੂੰ ਚੁੱਕਣ ਲਈ ਉਨ੍ਹਾਂ ਨੂੰ ਨਹੀਂ ਰੋਕਿਆ ਜਾ ਸਕਦਾ।