ਆਖ਼ਿਰ ਕਿਉਂ ਜਵਾਨੀ ਵਿਚ ਹੀ ਪੈਣ ਲੱਗ ਪਏ ਦਿਲ ਦੇ ਦੌਰੇ? ਮਾਹਿਰਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ, ਖਾਸ ਰਿਪੋਰਟ ਚੰਡੀਗੜ੍ਹ :ਅੱਜ-ਕੱਲ੍ਹ ਦੇ ਆਧੁਨਿਕ ਦੌਰ ਦੀ ਭੱਜ-ਦੌੜ ਵਿਚ ਲੋਕ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਬਿਮਾਰੀਆਂ ਦੀ ਜਕੜ ਵਿਚ ਜ਼ਿਆਦਾਤਰ ਨੌਜਵਾਨ ਆ ਰਹੇ ਹਨ। ਮੀਡੀਆ ਰਿਸਰਚ ਮੁਤਾਬਕ 40 ਫੀਸਦ ਨੌਜਵਾਨ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਹਨ। ਇਕ ਮੀਡੀਆ ਰਿਪੋਰਟ ਅਨੁਸਾਰ ਸਾਲ 2015 ਵਿੱਚ 6.2 ਕਰੋੜ ਭਾਰਤੀ ਦਿਲ ਦੀ ਬਿਮਾਰੀ ਨਾਲ ਪੀੜਤ ਹੋਏ ਜਿਨ੍ਹਾਂ ਵਿੱਚੋਂ 2.3 ਕਰੋੜ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ ਸਨ, ਭਾਵ ਤਕਰੀਬਨ 40 ਫੀਸਦੀ।
ਪਿਛਲੇ ਇੱਕ ਸਾਲ 'ਚ ਦਿਲ ਦੇ ਦੌਰੇ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਖਾਸ ਤੌਰ 'ਤੇ ਨੌਜਵਾਨਾਂ ਵਿੱਚ। ਨੌਜਵਾਨਾਂ ਨੂੰ ਦਿਲ ਦੀ ਮਹਿੰਗੀ ਕੀਮਤ ਚੁਕਾਉਣੀ ਪੈ ਰਹੀ ਹੈ। ਨੌਜਵਾਨਾਂ ਵਿਚ ਲਗਾਤਾਰ ਹਾਰਟ ਬਲੌਕੇਜ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਾਂ ਹਾਰਟ ਬਲੌਕੇਜ ਦੀ ਸਮੱਸਿਆ 50 ਸਾਲ ਦੀ ਉਮਰ ਤੋਂ ਬਾਅਦ ਹੁੰਦੀ ਸੀ, ਪਰ ਹੁਣ 30 ਸਾਲ ਦੀ ਉਮਰ ਤੋਂ ਪਹਿਲਾਂ ਹੀ ਹਾਰਟ ਬਲੌਕੇਜ ਦੇ ਮਾਮਲੇ ਵੱਧ ਰਹੇ ਹਨ।
ਬਦਲਿਆ ਲਾਈਫ਼ਸਟਾਈਲ ਤੇ ਮੋਬਾਈਲ ਦੀ ਲਤ ਬਿਮਾਰੀਆਂ ਦਾ ਕਾਰਨ :ਮਾਹਿਰਾਂ ਦੀ ਮੰਨੀਏ ਤਾਂ ਨੌਜਵਾਨਾਂ 'ਚ ਵੱਧਦਾ ਤਣਾਅ, ਬਦਲਿਆ ਲਾਈਫ਼ਸਟਾਈਲ ਅਤੇ ਮੋਬਾਈਲ ਦੀ ਆਦਤ ਹਾਰਟ ਬਲੌਕੇਜ ਦਾ ਕਾਰਨ ਬਣ ਰਹੀ ਹੈ। ਪੰਜਾਬ ਵਿਚ 20 ਤੋਂ 30 ਫੀਸਦੀ ਨੌਜਵਾਨ ਹਾਰਟ ਬਲੌਕੇਜ ਦੀ ਸਮੱਸਿਆ ਤੋਂ ਪੀੜਤ ਹਨ। ਪੇਂਡੂ ਅਤੇ ਸ਼ਹਿਰੀ ਅਬਾਦੀ ਦੋਵੇਂ ਇਸ 'ਚ ਸ਼ਾਮਲ ਹਨ। ਦਿਲ ਦੇ ਮਾਹਿਰਾਂ ਕੋਲ 30 ਫੀਸਦੀ ਮਰੀਜ਼ ਅਜਿਹੇ ਆ ਰਹੇ ਹਨ ਜਿਨ੍ਹਾਂ ਦੀ ਉਮਰ 30 ਸਾਲ ਤੋਂ ਘੱਟ ਹੈ। 20, 24, 26, 28 ਅਜਿਹੇ ਉਮਰ ਵਰਗ ਵਿਚ ਹਾਰਟ ਬਲੌਕੇਜ ਰਿਪੋਰਟ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Barnala youth Dies in Canada: ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ, ਪੀੜਤ ਪਰਿਵਾਰ ਨੇ ਸਰਕਾਰ ਨੂੰ ਕੀਤੀ ਅਪੀਲ
ਇਕ ਤੋਂ ਬਾਅਦ ਇਕ ਸਾਹਮਣੇ ਆ ਰਹੇ ਹਨ ਹਾਰਟ ਬਲੌਕੇਜ ਦੇ ਮਾਮਲੇ:ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਕਰਨਦੀਪ ਸਿੰਘ ਨੇ ਕੁਝ ਤੱਥ ਈਟੀਵੀ ਭਾਰਤ ਨਾਲ ਸਾਂਝੇ ਕੀਤੇ ਜਿਨ੍ਹਾਂ ਅਨੁਸਾਰ ਹਾਰਟ ਬਲੌਕੇਜ ਦੇ ਮਾਮਲੇ ਪੰਜਾਬ ਵਿਚ ਵੀ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ।
* ਆਧੁਨਿਕ ਦੌਰ ਵਿਚ ਨੌਜਵਾਨਾਂ ਨੇ ਆਪਣੇ ਸਿਰ 'ਤੇ ਤਣਾਅ ਦੀ ਪੰਡ ਚੁੱਕੀ ਹੋਈ ਹੈ। ਬਹੁਤ ਛੇਤੀ ਅਤੇ ਬਹੁਤ ਜ਼ਿਆਦਾ ਹਾਸਲ ਕਰਨ ਦੀ ਇੱਛਾ ਨੌਜਵਾਨਾਂ ਵਿਚ ਹਾਰਟ ਬਲੌਕੇਜ ਦਾ ਵੱਡਾ ਕਾਰਨ ਬਣ ਰਹੀ ਹੈ।
* ਦਿਲ ਦੀਆਂ ਬਿਮਾਰੀਆਂ ਦਾ ਸਬੱਬ ਮੋਬਾਈਲ ਫੋਨ ਵੀ ਬਣਦਾ ਜਾ ਰਿਹਾ ਹੈ।
* ਸਿਗਰਟਨੋਸ਼ੀ ਦੀ ਆਦਤ ਵੀ ਦਿਲ ਦੀਆਂ ਸਮੱਸਿਆਵਾਂ ਦੇ ਪ੍ਰਮੁੱਖ ਕਾਰਨਾਂ ਵਿਚੋਂ ਇਕ ਹੈ।
* ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵੀ ਦਿਲ ਦੀ ਸਿਹਤ ਉੱਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ ਅਤੇ ਇਹ ਸਮੱਸਿਆਵਾਂ ਵੀ 24- 25 ਸਾਲ ਦੇ ਨੌਜਵਾਨਾਂ ਵਿਚ ਆਮ ਹਨ, ਜੋ ਦਿਲ ਤੱਕ ਅਸਰ ਕਰਦੀਆਂ ਹਨ।
* ਦਫ਼ਤਰਾਂ ਵਿਚ ਸਿਟਿੰਗ ਜੋਬ ਕਰਨ ਵਾਲੇ ਨੌਜਵਾਨ ਵੀ ਅਟੈਕ ਦਾ ਸ਼ਿਕਾਰ ਹੁੰਦੇ ਹਨ, ਕਿਉਂਕਿ ਲਗਾਤਾਰ ਕਈ ਘੰਟੇ ਬੈਠ ਕੇ ਆਨਲਾਈਨ ਕੰਮ ਕਰਨ ਨਾਲ ਸਰੀਰਕ ਗਤੀਵਿਧੀਆਂ ਘਟ ਜਾਂਦੀਆਂ ਹਨ ਅਤੇ ਆਪ ਮੁਹਾਰੇ ਹੀ ਦਬਾਅ ਨਾਲ ਦਿਲ ਉਤੇ ਅਸਰ ਪੈਂਦਾ ਹੈ।
* ਨੌਜਵਾਨਾਂ ਵਿਚ ਦਿਲ ਦੇ ਵਿਚ ਅਚਾਨਕ ਵਿਗਾੜ ਪੈਂਦਾ ਹੋਣ ਦਾ ਇਕ ਕਾਰਨ ਮੋਟਾਪਾ ਵੀ ਹੈ।
ਦਿਲ ਦੇ ਮਰੀਜ਼ਾਂ ਵਿਚੋਂ 20 ਤੋਂ 30 ਫੀਸਦੀ ਨੌਜਵਾਨ :ਮਾਹਰ ਡਾਕਟਰ ਕਰਨਦੀਪ ਸਿੰਘ ਅਨੁਸਾਰ ਉਨ੍ਹਾਂ ਕੋਲ ਜਿੰਨੇ ਵੀ ਮਰੀਜ਼ ਆਉਂਦੇ ਹਨ ਉਨ੍ਹਾਂ ਵਿਚੋਂ 20 ਤੋਂ ਫੀਸਦੀ ਨੌਜਵਾਨ ਹੁੰਦੇ ਹਨ ਅਤੇ ਅਚਾਨਕ ਹਾਰਟ ਬਲੌਕੇਜ ਦੀ ਸਮੱਸਿਆ ਨਾਲ ਪੀੜਤ ਹੁੰਦੇ ਹਨ। ਹਰ ਰੋਜ਼ ਕਦੀ ਅਜਿਹੇ 10 ਮਰੀਜ਼ ਆਉਂਦੇ ਹਨ ਕਦੀ 7 ਅਤੇ ਕਦੀ 2 ਮਰੀਜ਼ ਆਉਂਦੇ ਹਨ। ਜਦਕਿ 3-4 ਸਾਲ ਪਹਿਲਾਂ ਸਿਰਫ਼ 5 ਫੀਸਦੀ ਕੇਸ ਹੀ ਨੌਜਵਾਨਾਂ ਦੇ ਆਉਂਦੇ ਸਨ। ਪੰਜਾਬ ਦੀ ਪੇਂਡੂ ਅਬਾਦੀ ਦੀ ਗੱਲ ਕੀਤੀ ਜਾਵੇ ਤਾਂ ਉਥੇ ਇਹ ਸਮੱਸਿਆ ਘੱਟ ਵੇਖਣ ਨੂੰ ਮਿਲਦੀ ਹੈ ਪਰ ਉਥੇ ਵੀ 10 ਤੋਂ 20 ਫੀਸਦੀ ਕੇਸ ਅਜਿਹੇ ਵੇਖੇ ਜਾ ਸਕਦੇ ਹਨ। ਇਹ ਤੱਥ ਸਾਹਮਣੇ ਆਏ ਹਨ ਕਿ ਅਚਾਨਕ ਬਲੌਕੇਜ ਵਿਚ ਨੌਜਵਾਨਾਂ ਦੀ ਮੌਤ ਦਰ ਬਜ਼ੁਰਗਾਂ ਅਤੇ ਅਧਖੜ ਉਮਰ ਦੇ ਵਿਅਕਤੀਆਂ ਤੋਂ ਜ਼ਿਆਦਾ ਹੈ। ਐਮਰਜੈਂਸੀ ਪਹੁੰਚਣ ਤੋਂ ਪਹਿਲਾਂ ਹੀ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੁੰਦੀ ਹੈ।
ਇਹ ਵੀ ਪੜ੍ਹੋ :Crop Affected Due to Rain: ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਮਿਹਨਤ 'ਤੇ ਫਿਰਿਆ ਪਾਣੀ, ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ
ਦਿਲ ਨੂੰ ਦਰੁਸਤ ਰੱਖਣ ਲਈ ਇਹ ਸੁਝਾਅ:ਨੌਜਵਾਨਾਂ ਵਿਚ ਵੱਧ ਰਹੀਆਂ ਦਿਲ ਦੀਆਂ ਬਿਮਾਰੀਆਂ ਨੂੰ ਰੋਕਣ ਲਈ ਡਾਕਟਰਾਂ ਵੱਲੋਂ ਕਈ ਤਰ੍ਹਾਂ ਸੁਝਾਅ ਦਿੱਤੇ ਜਾਂਦੇ ਹਨ। ਡਾਕਟਰ ਕਰਨਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਸਭ ਤੋਂ ਪਹਿਲਾਂ ਆਪਣਾ ਜ਼ਿੰਦਗੀ ਜਿਊਣ ਦਾ ਤਰੀਕਾ ਬਦਲਣ ਤੇ ਉਨ੍ਹਾਂ ਆਪਣੇ ਲਾਈਫਸਟਾਈਲ ਵਿਚ ਸੁਧਾਰ ਕੀਤਾ ਜਾਵੇ।
* ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਕੰਟੋਰਲ ਵਿਚ ਰੱਖਿਆ ਜਾਵੇ ਅਤੇ ਖਾਣ-ਪੀਣ ਦੀਆਂ ਆਦਤਾਂ ਤੁਰੰਤ ਬਦਲੀਆਂ ਜਾਣ।
* 6 ਤੋਂ 8 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਮਾਨਸਿਕ ਤਣਾਅ ਦੂਰ ਰੱਖਣ ਲਈ ਹਫ਼ਤੇ 'ਚ 1 ਦਿਨ ਘੁੰਮਣ ਜਾਓ।
* ਹਲਕੀ ਫੁਲਕੀ ਐਕਸਰਸਾਈਜ਼ ਕਰਦੇ ਰਹੋ।
* ਸਪੋਰਟਸ ਵਿਚ ਆਪਣੀ ਰੁਚੀ ਵਧਾਈ ਜਾਵੇ ਤਾਂ ਜੋ ਮਾਸਪੇਸ਼ੀਆਂ ਦੀਆਂ ਗਤੀਵਿਧੀਆਂ ਬਰਾਬਰ ਰਹਿਣ।