ਚੰਡੀਗੜ੍ਹ ਡੈਸਕ :ਪੰਜਾਬੀ ਦੇ ਨਾਮਵਰ ਪੱਤਰਕਾਰ, ਦਲਿਤ ਸਾਹਿਤ ਦੇ ਰਚੇਤਾ ਅਤੇ ਨਾਵਲਕਾਰ ਦੇਸ ਰਾਜ ਕਾਲੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਸਾਹਿਤ ਜਗਤ ਨੂੰ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਡੂੰਘਾ ਸਦਮਾ ਲੱਗਾ ਹੈ। ਜਾਣਕਾਰੀ ਮੁਤਾਬਿਕ ਦੇਸਰਾਜ ਕਾਲੀ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਪੀੜਤ ਸਨ ਅਤੇ 52 ਵਰ੍ਹਿਆਂ ਦੀ ਉਮਰ ਵਿੱਚ ਕਾਲੀ ਦਾ ਦੇਹਾਂਤ ਹੋ ਗਿਆ ਹੈ। ਦੇਸਰਾਜ ਕਾਲੀ ਚੰਡੀਗੜ੍ਹ ਦੇ ਪੀਜੀਆਈ ਵਿੱਚ ਜ਼ੇਰੇ ਇਲਾਜ਼ ਸਨ ਅਤੇ ਇੱਥੇ ਹੀ ਉਨ੍ਹਾਂ ਦੀ ਮੌਤ ਹੋਈ ਹੈ।
ਪੱਤਰਕਾਰੀ ਤੇ ਸਾਹਿਤਕਾਰੀ ਦਾ ਸੁਮੇਲ :ਦੇਸ ਰਾਜ ਕਾਲੀ ਪੱਤਰਕਾਰੀ ਅਤੇ ਸਾਹਿਤਕਾਰੀ ਦੇ ਸੁਮੇਲ ਵਜੋਂ ਪ੍ਰਸਿੱਧ ਸਨ। ਉਨ੍ਹਾਂ ਨੇ ਪੰਜਾਬੀ ਵਿੱਚ ਦਲਿਤ ਸਾਹਿਤ ਦੀ ਖੁੱਲ੍ਹ ਕੇ ਗੱਲ ਕੀਤੀ ਹੈ। ਦੇਸ ਰਾਜ ਕਾਲੀ ਨੇ ਜਲੰਧਰ ਤੋਂ ਛਪਣ ਵਾਲੇ ਇਨਕਲਾਬੀ ਅਖ਼ਬਾਰ ਨਵਾਂ ਜ਼ਮਾਨਾ ਤੋਂ ਆਪਣੀ ਪੱਤਰਕਾਰੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਾਹਿਤ ਨੇ ਵੀ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਕਾਲੀ ਨੇ ਪੰਜਾਬ ਦੇ ਮੁੱਦਿਆਂਂ ਉੱਤੇ ਖੁੱਲ੍ਹ ਕੇ ਗੱਲ ਕੀਤੀ ਹੈ। ਜਾਣਕਾਰੀ ਮੁਤਾਬਿਕ ਦੇਸ ਰਾਜ ਕਾਲੀ ਦਾ ਅੰਤਿਮ ਸਸਕਾਰ 29 ਅਗਸਤ ਮੰਗਲਵਾਰ ਨੂੰ ਕੀਤਾ ਜਾਵੇਗਾ।
ਦੇਸ ਰਾਜ ਕਾਲੀ ਦਾ ਸਾਹਿਤ ਸਿਰਜਣ :ਦੇਸ ਰਾਜ ਕਾਲੀ ਨੇ ਸਾਹਿਤ ਸਫ਼ਰ ਦੀ ਸ਼ੁਰੂਆਤ ਪਹਿਲੀ ਕਿਤਾਬ ਕੱਥਕਾਲੀ ਤੋਂ ਕੀਤੀ ਸੀ। ਇਸ ਤੋਂ ਉਨ੍ਹਾਂ ਨੇ ਤਸੀਹੇ ਕਦੇ ਬੁੱਢੇ ਨਹੀਂ ਹੁੰਦੇ, ਫਕੀਰੀ, ਚਾਨਣ ਦੀ ਲੀਕ, ਚੁੱਪ ਕੀਤੇ ਅਤੇ ਯਹਾਂ ਚਾਏ ਅੱਛੀ ਨਹੀਂ ਬਨਤੀ ਆਦਿ ਕਿਤਾਬਾਂ ਦੀ ਰਚਨਾ ਕੀਤੀ ਹੈ।ਇਸੇ ਤਰ੍ਹਾਂ ਕਾਲੀ ਨੇ ਪਰਣੇਸ਼ਵਰੀ, ਅੰਤਹੀਣ, ਪ੍ਰਥਮ ਪੌਰਾਣ, ਸ਼ਾਂਤੀ ਪਰਵ, ਠੁਮਰੀ ਆਦਿ ਪ੍ਰਸਿੱਧ ਨਾਵਲ ਲਿਖ ਕੇ ਸਾਹਿਤ ਵਿੱਚ ਵੱਖਰੀ ਪਛਾਣ ਹਾਸਿਲ ਕੀਤੀ ਹੈ। ਇਹ ਵੀ ਯਾਦ ਰਹੇ ਕਿ ਪਰਣੇਸ਼ਵਰੀ ਕਾਲੀ ਦਾ ਪਲੇਠਾ ਨਾਵਲ ਸੀ। ਕਾਲੀ ਨੂੰ ਇਸ ਗੱਲ ਦਾ ਮਾਣ ਹਾਸਿਲ ਸੀ ਕਿ ਉਹ ਆਪਣੀਆਂ ਲਿਖਤਾਂ ਵਿੱਚ ਉਹ ਹਾਸ਼ੀਏ ਤੇ ਵੇਦਨਾ ਦੀ ਬਾਤ ਪਾਉਂਦੇ ਸਨ।
ਸਾਹਿਤਕ ਸੰਪਾਦਕੀ ਦਾ ਸਫ਼ਰ :ਦੇਸ ਰਾਜ ਕਾਲੀ ਪੰਜਾਬੀ ਤੇ ਹਿੰਦੀ ਦੀਆਂ ਅਖਬਾਰਾਂ ਵਿੱਚ ਵੀ ਬਤੌਰ ਪੱਤਰਕਾਰ ਅਤੇ ਸਾਹਿਤ ਸੰਪਾਦਕ ਵਜੋਂ ਵੀ ਕੰਮ ਕਰਦੇ ਰਹੇ ਹਨ। ਇਹੀ ਨਹੀਂ ਜਲੰਧਰ ਸਥਿਤ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਸਹਿਯੋਗ ਨਾਲ ਦੇਸ ਰਾਜ ਕਾਲੀ ਨੇ ਗਦਰ ਇਤਿਹਾਸ ਬਾਰੇ ਲੰਮਾ ਸਮਾਂ ਆਪਣੀ ਕਲਮ ਚਲਾਈ ਹੈ। ਇਸੇ ਤਰ੍ਹਾਂ ਕਾਲੀ ਜਲੰਧਰ ਦੂਰਦਰਸ਼ਨ ਦੇ ਖਾਸ ਪ੍ਰੋਗਰਾਮ ਖ਼ਾਸ ਖ਼ਬਰ ਇੱਕ ਨਜ਼ਰ ਵਿੱਚ ਵੀ ਆਪਣੇ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕਰਦੇ ਰਹੇ ਹਨ। ਉਨ੍ਹਾਂ ਦੇ ਦੇਹਾਂਤ ਨਾਲ ਸਾਹਿਤ ਜਗਤ ਝੰਬਿਆ ਮਹਿਸੂਸ ਕਰ ਰਿਹਾ ਹੈ।