ਹੈਦਰਾਬਦ ਡੈਸਕ/ (ਐੱਨ ਨਵਰਾਹੀ):ਸਿੱਖਾਂ ਨੂੰ ਹੁਣ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੱਖਰੇ ਭਾਈਚਾਰੇ ਵਜੋਂ ਮਾਨਤਾ ਦਿੱਤੀ ਜਾਵੇਗੀ। ਮਰਦਮਸ਼ੁਮਾਰੀ ਦੌਰਾਨ ਹੁਣ ਸਿੱਖ ਭਾਈਚਾਰੇ ਨੂੰ ਦਰਸਾਉਣ ਲਈ ਵੱਖਰਾ ਕਾਲਮ ਹੋਵੇਗਾ ਅਤੇ ਇਸ ਨੂੰ ਵੱਖਰੀ ਕੌਮ ਮੰਨਿਆ ਜਾਵੇਗਾ। ਇਹ ਫੈਸਲਾ ਪਾਕਿਸਤਾਨ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲਿਆ ਗਿਆ ਹੈ। ਹੁਣ ਪਾਕਿਸਤਾਨ ਆਂਕੜਾ ਬਿਊਰੋ ਦੇ ਫਾਰਮ ਵਿਚ ਸਿੱਖਾਂ ਲਈ ਇੱਕ ਵੱਖਰਾ ਕਾਲਮ ਹੋਵੇਗਾ। ਹੁਣ ਤੱਕ ਸਿੱਖ ਭਾਈਚਾਰੇ ਨੂੰ ਦੂਜੇ ਧਰਮਾਂ ਦੇ ਕਾਲਮ ਵਿੱਚ ਸ਼ਾਮਲ ਕੀਤਾ ਜਾਂਦਾ ਸੀ, ਜਿਸ ਕਾਰਨ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਦੀ ਸਹੀ ਗਿਣਤੀ ਬਾਰੇ ਕੋਈ ਅਧਿਕਾਰਤ ਅੰਕੜਾ ਨਹੀਂ ਹੈ।
ਲੰਬੀ ਲੜਾਈ ਤੋਂ ਬਾਅਦ ਮਿਲਿਆ ਹੱਕ: ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਲੰਮੇ ਸੰਘਰਸ਼ ਤੋਂ ਬਾਅਦ ਇਹ ਹੱਕ ਮਿਲਿਆ ਹੈ। ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸਿੱਖ ਭਾਈਚਾਰਾ ਪਾਕਿਸਤਾਨ ਦੀਆਂ ਵੱਖ-ਵੱਖ ਸੇਵਾਵਾਂ, ਸਿੱਖਿਆ ਅਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੇ ਨਾਲ-ਨਾਲ ਸਿਆਸੀ ਤੌਰ 'ਤੇ ਵੀ ਆਪਣੀ ਆਵਾਜ਼ ਬੁਲੰਦ ਕਰ ਸਕੇਗਾ।
ਸਿੱਖਾਂ ਨੂੰ ਵਿਕਾਸ ਸਕੀਮਾਂ ਵਿੱਚ ਮਿਲੇਗਾ ਲਾਭ: ਦੱਸ ਦਈਏ, ਪੇਸ਼ਾਵਰ ਵਿਚ ਸਿੱਖ ਐਕਟੀਵਿਸਟ ਬਾਬਾ ਗੁਰਪਾਲ ਸਿੰਘ ਜੀ ਸਮੇਤ ਕੁਝ ਹੋਰ ਸੰਗਠਨਾਂ ਨੇ ਇਸ ਮਾਮਲੇ ਨੂੰ ਲੈ ਕੇ 2018 ਵਿਚ ਪਾਕਿਸਤਾਨ ਦੀ ਸੁਪਰੀਮ ਕੋਰਟ ਵਿਚ ਪਹੁੰਚ ਕੀਤੀ ਸੀ। ਇਸ 'ਤੇ ਆਪਣਾ ਫੈਸਲਾ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦਿੱਤੀ ਹੈ।
ਪਿਸ਼ਾਵਰ ਤੋਂ ਫ਼ੋਨ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਾਬਾ ਗੁਰਪਾਲ ਸਿੰਘ ਨੇ ਦੱਸਿਆ ਕਿ ਉਹ ਇਸ ਹੱਕ ਲਈ ਲੰਮੇ ਸਮੇਂ ਤੋਂ ਲੜ ਰਹੇ ਸਨ। ਸੁਪਰੀਮ ਕੋਰਟ ਦੇ ਫੈਸਲੇ ਨਾਲ ਸਿੱਖ ਕੌਮ ਦੇ ਕਈ ਮਸਲੇ ਹੱਲ ਹੋ ਜਾਣਗੇ। ਭਾਈਚਾਰੇ ਲਈ ਵੱਖਰਾ ਕਾਲਮ ਹੋਣ ਨਾਲ ਪਾਕਿਸਤਾਨ ਵਿਚ ਸਿੱਖਾਂ ਦੀ ਸਹੀ ਗਿਣਤੀ ਸਾਹਮਣੇ ਆਵੇਗੀ ਜੋ ਇਸ ਭਾਈਚਾਰੇ ਬਾਰੇ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਵਿਚ ਵਰਤੀ ਜਾਵੇਗੀ।
ਬਾਬਾ ਗੁਰਪਾਲ ਨੇ ਦੱਸਿਆ ਕਿ ਸਿੱਖਾਂ ਦੀ ਗਿਣਤੀ ਬਾਰੇ ਸਹੀ ਅੰਕੜੇ ਨਾ ਹੋਣ ਕਾਰਨ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸਿੱਖਿਆ, ਨੌਕਰੀਆਂ, ਸਰਕਾਰੀ ਸਹੂਲਤਾਂ ਅਤੇ ਮੈਡੀਕਲ ਕੋਟੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਰਕਾਰ ਵੱਲੋਂ ਜ਼ਿਆਦਾਤਰ ਫੈਸਲੇ ਇਸੇ ਆਧਾਰ ’ਤੇ ਲਏ ਜਾਂਦੇ ਹਨ। ਹੁਣ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਨੂੰ ਅਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ।
ਕਿਰਪਾਨ ਦਾ ਮਾਮਲਾ ਵੀ ਕਰਾਵਾਂਗੇ ਹੱਲ: ਬਾਬਾ ਗੁਰਪਾਲ ਸਿੰਘ ਨੇ ਦੱਸਿਆ ਕਿ ਕਿਰਪਾਨ ਪਹਿਨਣਾ ਸਿੱਖ ਧਰਮ ਦੀ ਨਿਸ਼ਾਨੀ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਦਾ ਵੀ ਜਲਦੀ ਹੱਲ ਹੋ ਜਾਵੇਗਾ ਕਿਉਂਕਿ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲ ਜਾਵੇਗੀ। ਫਿਲਹਾਲ ਕਿਰਪਾਣ ਧਾਰਨ ਕਰਨ ’ਤੇ ਲਾਅ ਐਂਡ ਆਰਡਰ ਕਾਰਨ ਸਿੱਖਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਾਕਿਸਤਾਨ ਦੇ ਸਿੱਖ ਭਾਈਚਾਰੇ ’ਚ ਖੁਸ਼ੀ ਦੀ ਲਹਿਰ: ਨਨਕਾਣਾ ਸਾਹਿਬ, ਪਾਕਿਸਤਾਨ ਤੋਂ ਗੁਰੂ ਨਾਨਕ ਜੀ ਮਿਸ਼ਨ ਦੇ ਸਕੱਤਰ ਪ੍ਰੋ. ਕਲਿਆਣ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਪਾਕਿਸਤਾਨ ਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਨਾਲ ਉਨ੍ਹਾਂ ਦੀਆਂ ਕਈ ਸਮੱਸਿਆਵਾਂ ਹੱਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ਹਿੰਦੂ ਅਤੇ ਈਸਾਈ ਭਾਈਚਾਰਿਆਂ ਲਈ ਵੱਖਰਾ ਕਾਲਮ ਹੁੰਦਾ ਸੀ। ਸਿੱਖ ਕੌਮ ਹੋਰਾਂ ਵਿੱਚ ਗਿਣੀ ਜਾਂਦੀ ਸੀ। ਸਿੱਖਾਂ ਨੂੰ ਇੱਕ ਵੱਖਰੇ ਭਾਈਚਾਰੇ ਵਜੋਂ ਮਾਨਤਾ ਇੱਕ ਚੰਗਾ ਸੁਨੇਹਾ ਹੈ।
ਸਿੱਖਾਂ ਨੇ ਵੱਖਰੀ ਪਛਾਣ ਨਾਲ ਵੱਡੇ ਮੁਕਾਮ ਕੀਤੇ ਹਾਸਿਲ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਦੇ ਜਨਗਣਨਾ ਫਾਰਮ ਵਿੱਚ ਸਿੱਖਾਂ ਨੂੰ ਵੱਖਰੇ ਭਾਈਚਾਰੇ ਵਜੋਂ ਸ਼ਾਮਲ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਕਾਰਜ ਨੂੰ ਸਿਰੇ ਤੱਕ ਪਹੁੰਚਾਉਣ ਵਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਮੁੱਚੇ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਨਤਾ ਮਿਲੀ ਹੈ। ਇਸ ਨਾਲ ਪਾਕਿਸਤਾਨ ਵਿਚ ਵਸਦੇ ਸਿੱਖਾਂ ਨੂੰ ਬੁਨਿਆਦੀ ਹੱਕਾਂ ਦੇ ਨਾਲ-ਨਾਲ ਵੱਖ-ਵੱਖ ਥਾਵਾਂ 'ਤੇ ਪ੍ਰਤੀਨਿਧਤਾ ਵਿੱਚ ਵੀ ਫਾਇਦਾ ਹੋਵੇਗਾ। ਸਿੱਖਾਂ ਦੀ ਸਹੀ ਗਿਣਤੀ ਬਾਰੇ ਸਪਸ਼ਟਤਾ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣੀ ਵੱਖਰੀ ਪਛਾਣ ਨਾਲ ਪੂਰੀ ਦੁਨੀਆ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ।
ਭਾਰਤ ਸਰਕਾਰ ਵੀ ਦੇਵੇ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜ਼ਾ: ਵਿਦੇਸ਼ਾਂ ਵਿੱਚ ਸਿੱਖਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੇ ਪੰਥਕ ਦਲ ਪੰਜਾਬ ਦੇ ਪ੍ਰਧਾਨ ਭਵਨਦੀਪ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਵੀ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਅਜੇ ਤੱਕ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ:ਸਰਹੱਦ ਪਾਰ ਮਰਦਮਸ਼ੁਮਾਰੀ ਦੇ ਫਾਰਮ 'ਚ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ, ਐੱਸਜੀਪੀਸੀ ਪ੍ਰਧਾਨ ਨੇ ਕੀਤਾ ਸੁਆਗਤ