ਚੰਡੀਗੜ੍ਹ: ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਪਹੁੰਚੇ ਰੈਮਨ ਮੈਗਸੇਸੇ ਅਵਾਰਡ ਜੇਤੂ ਅਤੇ ਉੱਘੇ ਪੱਤਰਕਾਰ ਰਵੀਸ਼ ਕੁਮਾਰ ਨੇ ਈਟੀਵੀ ਭਾਰਤ ਨਾਸ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਰਵੀਸ਼ ਨੇ ਨਾਗਰਿਕਤਾ ਕਾਨੂੰਨ 'ਤੇ ਕਿਹਾ ਕਿ ਇਹ ਅਜਿਹਾ ਕਾਨੂੰਨ ਹੈ ਜੋ ਭਾਰਤ ਦੇ ਕਿਸੇ ਵੀ ਉਸ ਨਾਗਰਿਕ ਨੂੰ ਚੰਗਾ ਨਹੀਂ ਲਗਦਾ ਜੋ ਧਰਮ ਅਤੇ ਜਾਤੀ ਦੇ ਨਾਂਅ 'ਤੇ ਦੇਸ਼ ਨੂੰ ਵੰਡਣਾ ਨਹੀਂ ਚਾਹੁੰਦੇ।
ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦੇ ਰਾਹੀਂ ਸਮਾਜ ਦੇ ਇੱਕ ਤਬਕੇ ਨੂੰ ਵੱਖ ਕੀਤਾ ਜਾ ਰਿਹਾ ਹੈ ਅਤੇ ਜੇਕਰ ਅੱਜ ਇੱਕ ਘੱਟ ਗਿਣਤੀ ਤਬਕੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਕੱਲ੍ਹ ਨੂੰ ਦੂਜੇ ਤਬਕਿਆਂ ਨਾਲ ਵੀ ਅਜਿਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਭਾਰਤ ਦੇ ਨਾਗਰਿਕਾਂ ਦੇ ਹੱਕਾਂ 'ਤੇ ਹਮਲਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨਾ ਲੋਕਾਂ ਦੇ ਸਿਰ 'ਤੇ ਅੱਜ ਬੀਜੇਪੀ ਸੱਤਾ ਵਿੱਚ ਹੈ, ਕੀ ਉਹੀ ਲੋਕ ਸਰਕਾਰ ਨੂੰ ਆਪਣੇ ਭਾਰਤੀ ਹੋਣ ਦਾ ਸਬੂਤ ਦੇਣ? ਨਾਗਰਿਕਤਾ ਬਿੱਲ 'ਤੇ ਹੀ ਹੋਰ ਗੱਲ ਕਰਦੇ ਹੋਏ ਰਵੀਸ਼ ਨੇ ਕਿਹਾ ਕਿ ਕਿਸੇ ਵੀ ਨਾਗਰਿਕ ਨੂੰ ਆਪਣੇ ਪਰਿਵਾਰ ਬਾਰੇ ਪ੍ਰਮਾਣ ਪੱਤਰ ਦੇਣਾ ਚੰਗਾ ਨਹੀਂ ਲੱਗੇਗਾ ਜਿਸ ਕਰਕੇ ਇਸ ਬਿੱਲ ਦਾ ਵਿਰੋਧ ਜਾਇਜ਼ ਹੈ। ਬੀਜੇਪੀ 'ਤੇ ਤੰਜ ਕਸਦਿਆਂ ਰਵੀਸ਼ ਕੁਮਾਰ ਨੇ ਕਿਹਾ ਕਿ ਬੀਜੇਪੀ ਦਾ ਕੋਈ ਵੀ ਨੇਤਾ ਮੇਰੇ ਪ੍ਰੋਗਰਾਮ ਵਿੱਚ ਨਹੀਂ ਆਉਂਦਾ।